ਬੱਲੂ ਮਹਿਤਾ, ਪੱਟੀ : ਨਸ਼ੇ ਦੀ ਚੇਨ ਨੂੰ ਰੋਕਣ ਲਈ ਬੇਸ਼ੱਕ ਸਰਕਾਰਾਂ ਵੱਲੋਂ ਸਖ਼ਤੀ ਕੀਤੀ ਗਈ ਹੈ। ਪਰ ਨਸ਼ੇ ਦੇ ਆਦੀ ਵਿਅਕਤੀ ਅੱਜ ਵੀ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਬੁੱਧਵਾਰ ਰਾਤ ਨੂੰ ਪੱਟੀ ਦੇ ਪਿੰਡ ਆਸਲ ਵਾਸੀ ਇਕ ਵਿਅਕਤੀ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਪਿੰਡ ਦੀ ਮੌਜੂਦਾ ਕਾਂਗਰਸੀ ਸਰਪੰਚ ਦਾ ਲੜਕਾ ਹੈ। ਜੋ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ ਹੈ।

ਸਰਪੰਚ ਬਲਵਿੰਦਰ ਕੌਰ ਪਤਨੀ ਸਵਰਗੀ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹਰਪ੍ਰੀਤ ਸਿੰਘ ਨਸ਼ਾ ਕਰਨ ਦਾ ਆਦੀ ਸੀ। ਜਿਸ ਦਾ ਨਸ਼ਾ ਛੁਡਾਉ ਸੈਂਟਰ ਤੋਂ ਇਲਾਜ ਵੀ ਕਰਵਾਇਆ ਗਿਆ ਸੀ, ਜਿਸ ਨਾਲ ਵੀ ਕੋਈ ਫ਼ਰਕ ਨਹੀਂ ਪਿਆ। ਬੀਤੀ ਰਾਤ ਉਸ ਨੇ ਨਸ਼ੇ ਦਾ ਟੀਕਾ ਲਗਾਇਆ ਜੋ ਉਸ ਲਈ ਜਾਨ ਲੇਵਾ ਸਾਬਤ ਹੋਇਆ। ਇਸ ਮੌਕੇ ਹਾਜ਼ਰ ਰਿਸ਼ਤੇਦਾਰਾਂ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪਹਿਲਾਂ ਸੂਬੇ ਵਿਚ ਕਰਫਿਊ ਲੱਗਾ ਸੀ ਤੇ ਹੁਣ ਲਾਕਡਾਊਨ ਜਾਰੀ ਹੈ। ਫਿਰ ਵੀ ਨਸ਼ਾ ਆਮ ਵਾਂਗ ਵਿਕ ਰਿਹਾ ਹੈ। ਪਰ ਨਸ਼ਿਆਂ 'ਤੇ ਅਜੇ ਤਕ ਕੋਈ ਰੋਕ ਨਹੀਂ ਲੱਗੀ। ਮ੍ਰਿਤਕ ਦੀ ਪਤਨੀ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਜੇਕਰ ਨਸ਼ਾ ਬੰਦ ਹੋ ਜਾਂਦਾ ਤਾਂ ਉਸ ਦਾ ਸੁਹਾਗ ਨਾ ਉੱਜੜਦਾ। ਬਾਅਦ ਦੁਪਹਿਰ ਪਿੰਡ ਦੇ ਸਮਸ਼ਾਨਘਾਟ ਵਿਖੇ ਗਮਗੀਨ ਮਾਹੌਲ 'ਚ ਹਰਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਅੰਗਰੇਜ ਸਿੰਘ, ਸੁਖਦੇਵ ਸਿੰਘ, ਗੁਰਜੰਟ ਸਿੰਘ, ਰਿੰਕੂ, ਰੇਸ਼ਮ ਸਿੰਘ, ਮੋਨੂੰ ਤੇ ਹੋਰ ਮੋਹਤਬਰਾਂ ਨੇ ਸਰਪੰਚ ਬਲਵਿੰਦਰ ਕੌਰ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Posted By: Sarabjeet Kaur