ਮਾਨ ਸਿੰਘ, ਮੀਆਂਵਿੰਡ

ਐਕਸਾਈਜ਼ ਵਿਭਾਗ, ਠੇਕੇਦਾਰ ਦੇ ਕਰਿੰਦਿਆਂ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਪਿੰਡ ਕੱਲ੍ਹਾ ਦੇ ਇਕ ਘਰ ਵਿਚ ਵੜ੍ਹ ਕੇ ਕਥਿਤ ਤੌਰ ਤੇ ਧੱਕਾ ਮੁੱਕੀ ਕੀਤੀ ਗਈ। ਜਿਸ ਦੌਰਾਨ ਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਮੌਤ ਹੋ ਗਈ ਸੀ। ਜਿਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ 12 ਲੋਕਾਂ ਖਿਲਾਫ ਮੁਕੱਦਮਾ ਦਰਜ਼ ਕੀਤਾ ਜਾ ਚੁੱਕਾ ਹੈ ਅਤੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਬਾਕੀ ਮੁਲਾਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਮੈਂਬਰਾਂ ਅਤੇ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਪੁਲਿਸ ਚੌਂਕੀ ਕੰਗ ਵਿਖੇ ਧਰਨਾ ਦਿੱਤਾ ਗਿਆ ਅਤੇ ਤਰਨਤਾਰਨ ਖਡੂਰ ਸਾਹਿਬ ਰੋਡ ਜਾਮ ਕਰਕੇ ਅਵਾਜਾਈ ਠੱਪ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਬਿੰਦਰਜੀਤ ਸਿੰਘ ਕੰਗ, ਇਕਬਾਲ ਸਿੰਘ ਵੜਿੰਗ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਹੁਣ ਗੁੰਡਾਗਰਦੀ ਦਾ ਨੰਗਾ ਨਾਚ ਹੋਣ ਲੱਗਾ ਹੈ ਅਤੇ ਲੋਕ ਪੁਲਿਸ ਪ੍ਰਸ਼ਾਸਨ ਪਾਸੋਂ ਵੀ ਸੁਰੱਖਿਅਤ ਨਹੀਂ ਹਨ। ਆਗੂਆਂ ਨੇ ਕਿਹਾ ਕਿ ਬੀਤੇ ਕੱਲ੍ਹ ਐਕਸਾਈਜ ਵਿਭਾਗ ਦੀ ਟੀਮ ਵੱਲੋਂ ਠੇਕੇਦਾਰ ਦੇ ਕਰਿੰਦਿਆਂ ਅਤੇ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਜੋ ਪਿੰਡ ਕੱਲ੍ਹਾ ਵਿਚ ਗੁੰਡਾ ਗਰਦੀ ਕੀਤੀ ਗਈ ਹੈ ਉਹ ਨਿੰਦਣਯੋਗ ਹੈ। ਆਗੂਆਂ ਨੇ ਕਿਹਾ ਕਿ ਜੇਕਰ ਐਕਸਾਈਜ ਵਿਭਾਗ ਨੇ ਕਿਸੇ ਘਰ ਦੀ ਤਲਾਸ਼ੀ ਲੈਣੀ ਸੀ ਤਾਂ ਇਸ ਟੀਮ ਨੂੰ ਪਿੰਡ ਦੇ ਮੋਹਤਬਰਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ। ਆਗੂਆਂ ਨੇ ਇਸ ਘਟਨਾ ਦੀ ਭਰਪੂਰ ਨਿਖੇਧੀ ਕੀਤੀ ਅਤੇ ਪਰਚੇ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਕੀਤੀ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਚੌਂਕੀ ਕੰਗ ਵਿਖੇ ਲੱਗਾ ਇਹ ਧਰਨਾ ਹੁਣ ਉਨ੍ਹੀਂ ਦੇਰ ਤਕ ਜਾਰੀ ਰਹੇਗਾ ਜਿੰਨੀ ਦੇਰ ਤਕ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ।