ਪ੍ਰਤਾਪ ਸਿੰਘ, ਤਰਨਤਾਰਨ : ਕੋਰਟ ਕੰਪਲੈਕਸ ਤਰਨਤਾਰਨ ਵਿਖੇ ਪੈਨਸ਼ਨ ਲੈਣ ਗਈ ਔਰਤ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਘਟਨਾ ਏਨੀ ਜ਼ਬਰਦਸਤ ਸੀ ਕਿ ਔਰਤ ਦੀ ਮੌਕੇ 'ਤੇ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸੁਖਵਿੰਦਰ ਕੌਰ ਪੁੱਤਰੀ ਹਰੀ ਸਿੰਘ ਵਾਸੀ ਗਲੀ ਦੇਵੀਆ ਰਾਮ ਵਾਲੀ ਮੁਹੱਲਾ ਗੁਰੂ ਕਾ ਖੂਹ ਤਰਨਤਾਰਨ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਮਾਤਾ ਨਰਿੰਦਰ ਕੌਰ ਪਤਨੀ ਹਰੀ ਸਿੰਘ ਕੋਰਟ ਕੰਪਲੈਕਸ ਤਰਨਤਾਰਨ ਵਿਖੇ ਪੈਨਸ਼ਨ ਲੈਣ ਗਈ ਹੋਈ ਸੀ। ਜਦੋਂ ਉਹ ਟੈਂਪੂ 'ਚੋਂ ਉੱਤਰ ਕੇ ਟੈਂਪੂ ਵਾਲੇ ਕਿਰਾਏ ਦੇ ਰਹੀ ਸੀ ਤਾਂ ਤਰਨਤਾਰਨ ਵਾਲੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਸਵਿਫਟ ਕਾਰ ਨੰਬਰ ਪੀਬੀ 13 ਏਸੀ 8989 ਦੇ ਚਾਲਕ ਨੇ ਬੜੀ ਲਾਪਰਵਾਹੀ ਨਾਲ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਘਟਨਾ ਉਪਰੰਤ ਪੁੱਜੇ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕਾਰ ਚਾਲਕ ਦੀ ਪਛਾਣ ਕੁਸ਼ਮਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਸੰਤ ਅਵਤਾਰ ਸਿੰਘ ਨਗਰ ਸੰਗਰੂਰ ਦੇ ਤੌਰ 'ਤੇ ਹੋਈ ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।

Posted By: Seema Anand