ਰਵੀ ਖਹਿਰਾ/ਮਾਨ ਸਿੰਘ, ਖਡੂਰ ਸਾਹਿਬ/ਮੀਆਂਵਿੰਡ : ਕਸਬਾ ਸ੍ਰੀ ਗੋਇੰਦਵਾਲ ਸਾਹਿਬ ਤੋਂ ਮੇਲਾ ਦੇਖ ਕੇ ਵਾਪਸ ਆਪਣੇ ਪਿੰਡ ਜਾ ਰਹੇ ਤਿੰਨ ਬੁਲਟ ਸਵਾਰ ਨੌਜਵਾਨ ਇਕ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੌਰਾਨ ਇਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਅਨੁਸਾਰ ਇਹ ਤਿੰਨੇ ਨੌਜਵਾਨ ਪਿੰਡ ਵੱਡੀ ਨੰਗਲੀ ਨੇੜੇ (ਮਹਿਤਾ) ਦੇ ਵਸਨੀਕ ਸਨ ਅਤੇ ਬੁਲਟ ਮੋਟਰਸਾਈਕਲ ਨੰਬਰ ਪੀਬੀ 46 ਕੇ 8098 'ਤੇ ਸਵਾਰ ਹੋ ਕੇ ਬੀਤੀ ਕੱਲ੍ਹ ਕਸਬਾ ਗੋਇੰਦਵਾਲ ਸਾਹਿਬ ਵਿਖੇ ਮੇਲਾ ਦੇਖਣ ਗਏ ਸਨ। ਮਿਤੀ 14 ਸਤੰਬਰ ਨੂੰ ਸਵੇਰੇ 6 ਵਜੇ ਦੇ ਕਰੀਬ ਵਾਪਸ ਪਰਤਦੇ ਸਮੇਂ ਉਨ੍ਹਾਂ ਦਾ ਮੋਟਰਸਾਈਕਲ ਤੇਜ਼ ਰਫਤਾਰ ਹੋਣ ਕਰਕੇ ਬੇਕਾਬੂ ਹੋ ਗਿਆ ਅਤੇ ਅੱਡਾ ਨਾਗੋਕੇ ਮੋੜ ਤੋਂ ਥੋੜ੍ਹਾ ਅੱਗੇ ਜਾ ਕੇ ਇਕ ਦਰੱਖ਼ਤ 'ਚ ਜਾ ਵੱਜਾ। ਟੱਕਰ ਇੰਨੀ ਜ਼ਬਰਦਸਤ ਹੋਈ ਕਿ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦੇ ਦੂਸਰੇ ਦੋ ਸਾਥੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਹਰਪਾਲ ਸਿੰਘ ਉਮਰ ਤਕਰੀਬਨ 18 ਸਾਲ ਪੁੱਤਰ ਸੁਰਜੀਤ ਸਿੰਘ ਪਿੰਡ ਨੰਗਲੀ (ਵੱਡੀ) ਨੇੜੇ ਮਹਿਤਾ ਵਜੋਂ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਰਵੇਲ ਸਿੰਘ, ਅਕਾਸ਼ਦੀਪ ਸਿੰਘ ਪੁੱਤਰ ਕਰਮਜੀਤ ਸਿੰਘ ਦੋਵੇਂ ਵਾਸੀ ਪਿੰਡ ਨੰਗਲੀ (ਵੱਡੀ) ਵਜੋਂ ਹੋਈ ਹੈ। ਇਸ ਮੌਕੇ ਥਾਣਾ ਵੈਰੋਵਾਲ ਤੋਂ ਏਐੱਸਆਈ ਬਲਜਿੰਦਰ ਸਿੰਘ ਮੌਕੇ 'ਤੇ ਪੁੱਜੇ। ਉਨ੍ਹਾਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲਈ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਨੇੜਲੇ ਹਸਪਤਾਲ ਇਲਾਜ ਲਈ ਭੇਜਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਕਾਰਵਾਈ ਨਾ ਕਰਵਉਣ 'ਤੇ ਪੁਲਿਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

Posted By: Seema Anand