ਪੱਤਰ ਪੇ੍ਰਰਕ, ਤਰਨਤਾਰਨ : ਕੌਮੀ ਸ਼ਾਹ ਰਾਹ 54 'ਤੇ ਟਰਾਲੇ ਵੱਲੋਂ ਬਰੇਕ ਲਗਾ ਦੇਣ ਕਰਕੇ ਉਸ ਵਿਚ ਪਿੱਛੋਂ ਇਕ ਟਿੱਪਰ ਜਾ ਟਕਰਾਇਆ। ਜਿਸ ਕਾਰਨ ਉਸਦੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਟਰਾਲੇ ਚਾਲਕ ਦੀ ਹਾਲੇ ਤਕ ਪਛਾਣ ਨਹੀਂ ਹੋਈ ਹੈ।

ਬਲਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਰੋੜ ਖਹਿਰਾ ਗੁਰਦਾਸਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਲੜਕਾ ਅੰਗਰੇਜ ਸਿੰਘ ਟਿੱਪਰ ਨੰਬਰ ਪੀਬੀ06 ਏਵਾਈ 2976 'ਤੇ ਕਰੈਸ਼ਰ ਲੱਦ ਕੇ ਪਿੰਡ ਢੋਟੀਆਂ ਵੱਲ ਜਾ ਰਿਹਾ ਸੀ। ਜਦੋਂ ਉਹ ਹਾਈਵੇ ਉੱਪਰ ਪਿੰਡ ਬਾਗੜੀਆਂ ਮੋੜ ਕੋਲ ਪੁੱਜਾ ਤਾਂ ਅੱਗੇ ਜਾ ਰਹੇ ਟਰਾਲੇ ਨੰਬਰ ਪੀਬੀ02 ਡੀਵੀ 1654 ਨੇ ਅਚਾਨਕ ਬਰੇਕ ਲਗਾ ਦਿੱਤੀ, ਜਿਸ ਕਾਰਨ ਉਸਦੇ ਲੜਕੇ ਅੰਗਰੇਜ ਸਿੰਘ ਵਾਲਾ ਟਿੱਪਰ ਪਿੱਛੇ ਜਾ ਟਕਰਾਇਆ ਅਤੇ ਉਸਦੀ ਮੌਕੇ ਉੱਪਰ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐੱਸਆਈ ਕੰਵਲਜੀਤ ਸਿੰਘ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਜਦੋਂਕਿ ਟਰਾਲੇ ਚਾਲਕ ਵਿਰੁੱਧ ਕੇਸ ਦਰਜ ਕਰਕੇ ਉਸ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ।