ਪੱਤਰ ਪ੍ਰੇਰਕ, ਤਰਨਤਾਰਨ : ਪਿੰਡ ਭੱਗੂਪੁਰ ਦੇ ਨੂਰ ਫਿਲਿੰਗ ਸਟੇਸ਼ਨ ਤੋਂ ਕਾਰ ਸਵਾਰ ਇਕ ਹਜ਼ਾਰ ਰੁਪਏ ਦਾ ਤੇਲ ਪਵਾ ਕੇ ਫਰਾਰ ਹੋ ਗਏ। ਜਿਨ੍ਹਾਂ ਦੀ ਪਛਾਣ ਉਪਰੰਤ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਸਤਨਾਮ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਸਭਰਾ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਸਦੇ ਪੈਟਰੋਲ ਪੰਪ 'ਤੇ ਕੁਝ ਵਿਅਕਤੀ ਅਲਟੋ ਕਾਰ ਵਿਚ ਸਵਾਰ ਹੋ ਕੇ ਆਏ। ਜਿਨ੍ਹਾਂ ਨੇ ਇਕ ਹਜ਼ਾਰ ਰੁਪਏ ਦਾ ਤੇਲ ਪਵਾ ਲਿਆ ਪਰ ਉਨ੍ਹਾਂ ਪੈਸੇ ਨਹੀਂ ਦਿੱਤੇ ਤੇ ਫਰਾਰ ਹੋ ਗਏ। ਉਹ ਕਾਰ ਸਵਾਰਾਂ ਦੀ ਭਾਲ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਾਰ ਵਿਚ ਤੇਗ ਬਹਾਦਰ ਸਿੰਘ ਪੁੱਤਰ ਚਰਨਜੀਤ ਸਿੰਘ, ਉਪਕਾਰ ਸਿੰਘ ਉਰਫ ਪਾਰਾ ਪੁੱਤਰ ਦੂਲਾ ਸਿੰਘ ਵਾਸੀ ਟੂਸਾ, ਦੀਪਕ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪੱਖੋਵਾਲ, ਸੁਖਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਧੁਰਕੋਟ ਲੁਧਿਆਣਾ ਸਵਾਰ ਸਨ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਤਲਾਸ਼ ਵਿਚ ਲੱਗੀ ਹੋਈ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Posted By: Rajnish Kaur