ਤਰਨਤਾਰਨ : ਪੰਜਾਬ ਖੇਤ ਮਜ਼ਦੂਰ ਸਭਾ ਦੀ ਮੀਟਿੰਗ ਗਾਂਧੀ ਪਾਰਕ ਤਰਨਤਾਰਨ ਵਿਖੇ ਕਾਮਰੇਡ ਜੋਗਿੰਦਰ ਸਿੰਘ ਵਲਟੋਹਾ ਦੀ ਪ੍ਧਾਨਗੀ ਹੇਠ ਕੀਤੀ ਗਈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸਰਪ੍ਸਤ ਕਾਮਰੇਡ ਸਵਰਨ ਸਿੰਘ ਨਾਗੋਕੇ, ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਪ੍ਧਾਨ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਜ਼ਿਲ੍ਹਾ ਮੀਤ ਪ੍ਧਾਨ ਕਾਮਰੇਡ ਰਛਪਾਲ ਸਿੰਘ ਘੁਰਕਵਿੰਡ, ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਵਿਸ਼ੇਸ਼ ਤੌਰ 'ਤੇ ਪਹੁੰਚੇ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਗਈ ਹੈ। ਇਨ੍ਹਾਂ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਖੇਤ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ 25 ਫਰਵਰੀ ਨੂੰ ਬਲਾਕ ਵਲਟੋਹਾ ਵਿਖੇ ਵਿਸ਼ਾਲ ਇਕੱਠ ਕਰ ਕੇ ਮਾਰਚ ਕੀਤਾ ਜਾਵੇਗਾ।

ਇਸ ਉਪਰੰਤ ਬੀਡੀਪੀਓ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਨ੍ਹਾਂ ਕਾਮਿਆਂ ਦੀ ਤਰਸਯੋਗ ਆਰਥਿਕ ਅਤੇ ਸਮਾਜਿਕ ਹਾਲਤ ਸੁਧਾਰਨ ਲਈ ਕੰਮ ਦੇਣ ਦੀ ਗਾਰੰਟੀ ਕੀਤੀ ਜਾਵੇ। ਬਦਲਵੇਂ ਕੰਮ ਦਾ ਪ੍ਬੰਧ ਕਰ ਕੇ ਘੱਟੋ -ਘੱਟ 18 ਹਜ਼ਾਰ ਰੁਪਏ ਪ੍ਤੀ ਮਹੀਨਾ ਆਮਦਨ ਕਰਨ ਦੀ ਗਾਰੰਟੀ ਦਿੱਤੀ ਜਾਵੇ।

ਭੂਮੀ ਸੁਧਾਰ ਲਾਗੂ ਕੀਤੇ ਜਾਣ ਅਤੇ ਖੇਤੀ ਅਧਾਰਿਤ ਸਨਅਤਾਂ ਲਗਾ ਕੇ ਕੰਮ ਦਿੱਤਾ ਜਾਵੇ। ਮਨਰੇਗਾ ਸਕੀਮ ਸਹੀ ਤਰ੍ਹਾਂ ਲਾਗੂ ਕੀਤੀ ਜਾਵੇ, ਕੰਮ ਮੰਗਣ 'ਤੇ ਕੰਮ ਅਤੇ ਕੀਤੇ ਕੰਮ ਦਾ 15 ਦਿਨ ਦੇ ਅੰਦਰ ਭੁਗਤਾਨ, ਸਾਲ ਵਿਚ 250 ਦਿਨ ਕੰਮ ਅਤੇ ਘੱਟੋ ਘੱਟ 6 ਹਜ਼ਾਰ ਰੁਪਏ ਦਿਹਾੜੀ ਦੇਣ ਦਾ ਪ੍ਬੰਧ ਕੀਤਾ ਜਾਵੇ। ਸਮੁੱਚਾ ਕਰਜ਼ਾ ਮਾਫ਼ ਕੀਤਾ ਜਾਵੇ, ਬੇਘਰ ਲੋਕਾਂ ਨੂੰ ਮਕਾਨ ਬਣਾਉਣ ਲਈ 10-10 ਮਰਲਿਆਂ ਦਾ ਪਲਾਟ ਅਤੇ ਮਕਾਨ ਬਣਾਉਣ ਲਈ 3 ਲੱਖ ਰੁਪਏ ਦੀ ਗ੍ਰਾਂਟ ਬਿਨਾਂ ਪੱਖਪਾਤ ਤੋਂ ਦੇਣ ਆਦਿ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਮੇਜਰ ਸਿੰਘ ਦਾਰਾਪੁਰ, ਹੀਰਾ ਸਿੰਘ ਖਡੂਰ ਸਾਹਿਬ, ਬੂਟਾ ਸਿੰਘ ਢੋਟੀਆਂ, ਸੋਹਣ ਸਿੰਘ ਢੋਟੀਆਂ, ਲਾਲ ਸਿੰਘ ਵਲਟੋਹਾ, ਸਤਪਾਲ ਕੌਰ ਤਰਨਤਾਰਨ, ਕੁਲਵੰਤ ਕੌਰ ਜੋਧਪੁਰ, ਵੀਨਾ ਰਾਣੀ ਫਤਿਆਬਾਦ ਆਦਿ ਹਾਜ਼ਰ ਸਨ।