ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਬੈਂਗਲੁਰੂ ਰੇਲਵੇ ਸ਼ਟੇਸ਼ਨ ਤੋਂ ਕਰਨਾਟਕ ਸਰਕਾਰ ਵੱਲੋਂ ਦੇਸ਼ ਦੀਆਂ ਗ਼ੈਰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਵਿਰੋਧ ਸੋਮਵਾਰ ਨੂੰ ਤਰਨਤਾਰਨ ਜ਼ਿਲ੍ਹੇ ਵਿਚ ਵੀ ਦਿਖਾਈ ਦਿੱਤਾ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਦੇ ਵਰਕਰਾਂ ਨੇ ਇਸ ਦੇ ਰੋਸ ਵਜੋਂ ਨੈਸ਼ਨਲ ਹਾਈਵੇਅ ਜਾਮ ਕਰਕੇ ਕੇਂਦਰ ਅਤੇ ਕਰਨਾਟਕ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਹਾਲਾਂਕਿ ਕਰਨਾਟਕ ਸਰਕਾਰ ਵੱਲੋਂ ਆਗੂਆਂ ਨੂੰ ਰਿਹਾਅ ਕੀਤੇ ਜਾਣ ਦੀ ਸੂਚਨਾ ਆਉਣ ਤੋਂ ਬਾਅਦ ਦੇਰ ਸ਼ਾਮ ਧਰਨਾ ਚੁੱਕ ਲਿਆ ਗਿਆ।

ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਦੇ ਕੌਮੀ ਪ੍ਰਧਾਨ ਇਦਰਜੀਤ ਸਿੰਘ ਕੋਟ ਬੁੱਢਾ ਨੇ ਪੱਤਰਕਾਰਾਂ ਨਾਲ ਫੋਨ ’ਤੇ ਕੀਤੀ ਗੱਲਬਾਤ ਕਰਦਿਆਂ ਦੱਸਿਆ ਕਿ ਲੰਘੇ ਦਿਨ ਕਿਸਾਨਾਂ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਗ਼ੈਰ ਰਾਜਨੀਤਿਕ ਦਲਾਂ ਦੇ ਆਗੂਆਂ ਵੱਲੋਂ ਦੇਸ਼ ਦੀ ਕਿਸਾਨੀ ਨੂੰ ਕਾਰਪੋਰੇਟ ਹੱਥਾਂ ਤੋਂ ਬਚਾਉਣ ਅਤੇ ਫ਼ਸਲਾਂ ’ਤੇ ਐੱਮਐੱਸਪੀ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਵੱਡੀ ਕਿਸਾਨ ਕਾਨਫਰੰਸ ਕੀਤੀ ਗਈ ਸੀ ਜਿਸ ਵਿਚ ਪਾਸ ਕੀਤੇ ਮਤੇ ਮੁਤਾਬਿਕ ਜਥੇਬੰਦੀ ਦੇ ਆਗੂਆਂ ਵੱਲੋਂ ਦਿੱਲੀ ਅੰਦਰ ਕੇਂਦਰ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾਣਾ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਜਥੇਬੰਦੀਆਂ ਦੇ ਆਗੂ ਬੈਂਗਲੋਰ ਰੇਲਵੇ ਸ਼ਟੇਸ਼ਨ ਤੋਂ ਦਿੱਲੀ ਲਈ ਟਰੇਨ ਰਾਹੀਂ ਚੱਲਣ ਲੱਗੇ ਤਾਂ ਕਰਨਾਟਕ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਕੇਂਦਰ ਦੇ ਇਸ਼ਾਰੇ ’ਤੇ ਹਿਰਾਸਤ ਵਿਚ ਲੈ ਲਿਆ। ਕਰਨਾਟਕ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਆਗੂਆਂ ਨੂੰ ਸਥਾਨਕ ਪੁਲਿਸ ਲਾਈਨ ਵਿੱਚ ਰੱਖਿਆ ਗਿਆ ਹੈ।

ਕਿਸਾਨ ਜਥੇਬੰਦੀ ਕੋਟਬੁੱਢਾ ਦੇ ਆਗੂ ਸਹੋਣ ਸਿੰਘ ਸਭਰਾ, ਸੁਖਵੰਤ ਸਿੰਘ ਦੁੱਬਲੀ, ਸੁੱਚਾ ਸਿੰਘ ਭਾਈ ਲੱਧੂ ਨੇ ਕਰਨਾਟਕ ਤੇ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦੇ ਖ਼ਿਲਾਫ਼ ਜਥੇਬੰਦੀ ਦੇ ਵਰਕਰਾਂ ਵੱਲੋਂ ਅੰਮਿ੍ਤਸਰ, ਜਲੰਧਰ ਸੜਕੀ ਮਾਰਗ ਤੋਂ ਇਲਾਵਾ ਪਿੰਡ ਜੌਣੇਕੇ ਸਥਿਤ ਅੰਮਿ੍ਤਸਰ ਬਠਿੰਡਾ ਨੈਸ਼ਨਲ ਹਾਈਵੇਅ ਨੰਬਰ 54 ਜਾਮ ਕਰਕੇ ਰੋਸ ਧਰਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਰਨਾਟਕ ਦੀ ਬੀਜੇਪੀ ਸਰਕਾਰ ਵੱਲੋਂ ਗਿ੍ਫ਼ਤਾਰ ਕੀਤੇ ਗਏ ਆਗੂਆਂ ਨੂੰ ਜਲਦ ਰਿਹਾਅ ਨਾ ਕੀਤਾ ਗਿਆ ਤਾਂ ਜਥੇਬੰਦੀ ਦੇ ਵਰਕਰਾਂ ਵੱਲੋਂ ਰੇਲਵੇ ਟਰੈਕ ਰੋਕਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਹਾਲਾਂਕਿ ਦੇਰ ਸ਼ਾਮ ਕਰਨਾਟਕ ਤੋਂ ਆਗੂਆਂ ਦੀ ਰਿਹਾਈ ਦੀ ਆਈ ਸੂਚਨਾ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।

Posted By: Jagjit Singh