ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 75 ਮੌਤਾਂ ਨੂੰ ਲੈ ਕੇ ਯੂਥ ਅਕਾਲੀ ਦਲ ਨੇ ਸਰਕਾਰ ਨੂੰ ਘੇਰਦਿਆਂ ਸੋਮਵਾਰ ਨੂੰ ਐੱਸਐੱਸਪੀ ਦਫਤਰ ਅੱਗੇ ਧਰਨਾ ਦਿੱਤਾ। ਧਰਨੇ ਦੀ ਅਗਵਾਈ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਜਿਥੇ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਹਾਈਕੋਰਟ ਤਕ ਜਾਣ ਦੀ ਗੱਲ ਕਹੀ, ਉੱਥੇ ਹੀ ਕਿਹਾ ਕਿ ਪੀੜ੍ਹਤ ਪਰਿਵਾਰਾਂ ਵੱਲੋਂ ਵਿਧਾਇਕ ਅਤੇ ਉਸਦੇ ਪੀਏ ਦਾ ਨਾਂ ਲੈਣ ਦੇ ਬਾਵਜੂਦ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ ਪਰ ਉਹ ਲੋਕਾਂ ਨੂੰ ਇਨਸਾਫ਼ ਦਿਵਾਉਣ ਤਕ ਸੰਘਰਸ਼ ਜਾਰੀ ਰੱਖਣਗੇ।

ਬੰਟੀ ਰੋਮਾਣਾ ਨੇ ਇਸ ਮੌਕੇ 'ਤੇ ਕਿਹਾ ਕਿ ਡੇਢ ਸੌ ਦੇ ਕਰੀਬ ਮੌਤਾਂ ਵੱਖ ਵੱਖ ਜ਼ਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋ ਚੁੱਕੀਆਂ ਹਨ। ਮੁੱਖ ਮੰਤਰੀ ਨੇ ਹਾਲੇ ਤਕ ਕਿਸੇ ਦਾ ਹਾਲ ਪੁੱਛਣ ਦੀ ਜਹਿਮਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨੈਤਿਕਤਾ ਦੇ ਆਧਾਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਇਕ ਕਮਿਸ਼ਨਰ ਨੂੰ ਸ਼ਰਾਬ ਤ੍ਰਾਸਦੀ ਦੀ ਜਾਂਚ ਲਈ ਨਿਯੁਕਤ ਕੀਤਾ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਪੀੜਤ ਪਰਿਵਾਰ ਜਿਨ੍ਹਾਂ ਵਿਧਾਇਕਾਂ ਦੇ ਨਾਂ ਲੈ ਰਹੇ ਹਨ ਉਨ੍ਹਾਂ ਖ਼ਿਲਾਫ਼ ਕਮਿਸ਼ਨਰ ਕਾਰਵਾਈ ਕਰ ਸਕਣਗੇ।

ਰੋਮਾਣਾ ਨੇ ਕਿਹਾ ਕਿ ਪੀੜ੍ਹਤ ਪਰਿਵਾਰਾਂ ਦੇ ਜਿਨ੍ਹਾਂ ਤਕ ਬਿਆਨ ਕਲਮਬੰਦ ਕਰਕੇ ਲੋਕਾਂ ਵੱਲੋਂ ਦੱਸੇ ਜਾ ਰਹੇ ਵਿਧਾਇਕ ਜਾਂ ਉਸਦੇ ਪੀਏ ਅਤੇ ਹੋਰ ਸਿਆਸੀ ਲੋਕਾਂ ਨੂੰ ਨਾਮਜਦ ਨਹੀਂ ਕੀਤਾ ਜਾਂਦਾ, ਉਨੀਂ ਦੇਰ ਇਹ ਧਰਨਾ ਜਾਰੀ ਰੱਖਿਆ ਜਾਵੇਗਾ। ਰੋਮਾਣਾ ਨੇ ਕਿਹਾ ਕਿ ਥਾਣੇਦਾਰਾਂ ਨੂੰ ਸਰਕਾਰ ਸਸਪੈਂਡ ਕਰ ਰਹੀ ਹੈ, ਜਦੋਂਕਿ ਜੋ ਦੁਖਾਂਤ ਵੇਲੇ ਜ਼ਿਲ੍ਹੇ ਦੇ ਪੁਲਿਸ ਮੁਖੀ ਸਨ ਉਨ੍ਹਾਂ ਨੂੰ ਹੋਰ ਵੱਡੇ ਜ਼ਿਲ੍ਹੇ ਦਾ ਐੱਸਐੱਸਪੀ ਲਗਾ ਕੇ ਰਿਵਾਰਡ ਦਿੱਤਾ ਜਾ ਰਿਹਾ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਸ਼ਰਾਬ ਮਾਮਲੇ 'ਤੇ ਸਰਕਾਰ ਰਲੀ ਹੋਈ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਪੀੜਤਾਂ ਨੂੰ ਇਨਸਾਫ਼ ਦੇਣ ਦੇ ਹੱਕ ਵਿਚ ਨਹੀਂ ਹੈ। ਦੋ ਲੱਖ ਦੇ ਮੁਆਵਜ਼ੇ ਨੂੰ ਨਕਾਰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ 25-25 ਲੱਖ ਦਾ ਮੁਆਵਜਾ ਦਿੱਤਾ ਜਾਵੇ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ।

ਇਸ ਮੌਕੇ ਐੱਸਐੱਸ ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ, ਮਾਝਾ ਜ਼ੋਨ ਦੇ ਪ੍ਰਧਾਨ ਗੌਰਵਦੀਪ ਸਿੰਘ ਵਲਟੋਹਾ, ਸਰਬਜੋਤ ਸਿੰਘ ਸਾਬੀ ਜਨਰਲ ਸਕੱਤਰ ਯੂਥ ਅਕਾਲੀ ਦਲ ਤੋਂ ਇਲਾਵਾ ਗੁਰਸੇਵਕ ਸਿੰਘ ਸ਼ੇਖ, ਹਰਪ੍ਰੀਤ ਸਿੰਘ ਮੂਸੇ, ਬਲਰਾਜ ਸਿੰਘ ਪਿੱਦੀ, ਮਾਣਕ ਝਬਾਲ, ਜੋਧਬੀਰ ਸਿੰਘ, ਲਾਲੀ ਝਾਮਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਪੀੜਤ ਪਰਿਵਾਰ ਤੇ ਯੂਥ ਅਕਾਲੀ ਦਲ ਦੇ ਵਰਕਰ ਮੌਜੂਦ ਸਨ। ਐੱਸਪੀ ਹੈੱਡਕੁਆਰਟਰ ਗੁਰਨਾਮ ਸਿੰਘ ਨੇ ਮੰਗ ਪੱਤਰ ਲੈਂਦਿਆਂ ਬਿਆਨ ਦਰਜ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।


ਕੰਵਲਜੀਤ ਕੌਰ ਭੁੱਲਰ ਨੇ ਥਾਣਾ ਸਦਰ 'ਚ ਦਰਜ ਕਰਵਾਏ ਬਿਆਨ


ਧਰਨੇ ਤੋਂ ਬਾਅਦ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸਾਬਕਾ ਸੰਸਦੀ ਸਕੱਤਰ ਪ੍ਰੋ. ਵਿਰਸਾ ਸਿੰਘ ਵਲਟੋਹਾ, ਸਾਬਕਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਸਮੇਤ ਹੋਰ ਅਕਾਲੀ ਆਗੂਆਂ ਦੀ ਹਾਜ਼ਰੀ ਵਿਚ ਕੰਵਲਜੀਤ ਕੌਰ ਵਾਸੀ ਭੁੱਲਰ ਜਿਸ ਦੇ ਜੇਠ ਤੇ ਭਰਾ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ, ਨੇ ਆਪਣੇ ਬਿਆਨ ਥਾਣਾ ਸਦਰ ਤਰਨਤਾਰਨ ਵਿਚ ਦਰਜ ਕਰਵਾਏ। ਦੱਸਣਾ ਬਣਦਾ ਹੈ ਕਿ ਉਕਤ ਮਹਿਲਾ ਵੱਲੋਂ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਦੇ ਪੀਏ ਉੱਪਰ ਸ਼ਰਾਬ ਦੇ ਕਾਰੋਬਾਰੀਆਂ ਦੀ ਪੁਸ਼ਤ ਪਨਾਹੀ ਦੇ ਕਥਿਤ ਤੌਰ 'ਤੇ ਦੋਸ਼ ਲਗਾਏ ਜਾ ਰਹੇ ਹਨ। ਹਾਲਾਂਕਿ ਪੀਏ ਜਰਮਨਜੀਤ ਸਿੰਘ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।

Posted By: Seema Anand