ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਜ਼ਹਿਰ ਉਗਲਣ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਦੇ ਲੋਕ ਕਿਸੇ ਵੀ ਕੀਮਤ 'ਤੇ ਪ੍ਰਧਾਨ ਮੰਤਰੀ ਨਹੀਂ ਦੇਖਣਾ ਚਾਹੁੰਦੇ ਕਿਉਂਕਿ ਦੇਸ਼ ਦੀ ਸੱਤਾ ਲਈ ਉਹ ਪੂਰੀ ਤਰ੍ਹਾਂ ਅਨਾੜੀ ਹਨ। ਸਾਡੇ ਦੇਸ਼ ਨੂੰ ਕਾਬਿਲ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ। ਇਹ ਕਾਬਲੀਅਤ ਸਿਰਫ਼ ਨਰਿੰਦਰ ਮੋਦੀ ਵਿਚ ਹੈ।

ਖਡੂਰ ਸਾਹਿਬ ਦੀ ਉਮੀਦਵਾਰ ਬੀਬੀ ਜਾਗੀਰ ਕੌਰ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਬਾਦਲ ਨੇ ਕਿਹਾ ਕਿ ਪੰਜਾਬੀਆਂ ਦਾ ਕਾਂਗਰਸ ਕਦੀ ਵੀ ਭਲਾ ਨਹੀਂ ਕਰ ਸਕਦੀ। ਦੁਨੀਆ ਜਾਣਦੀ ਹੈ ਕਿ ਜਿਹੜੇ ਪੰਜ ਦੇਸ਼ ਤਰੱਕੀ ਕਰ ਰਹੇ ਹਨ ਉਨ੍ਹਾਂ ਵਿਚ ਭਾਰਤ ਦਾ ਨਾਂ ਵੀ ਆਉਂਦਾ ਹੈ।

ਗਾਂਧੀ ਪਰਿਵਾਰ 'ਤੇ ਵਰ੍ਹਦਿਆਂ ਬਾਦਲ ਨੇ ਕਿਹਾ ਕਿ ਪੰਡਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਪੰਜਾਬੀ ਸੂਬਾ ਮੇਰੀ ਲਾਸ਼ 'ਤੇ ਹੀ ਬਣ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬੀ ਸੂਬੇ ਲਈ ਮੋਰਚਾ ਖੋਲ੍ਹਿਆ ਗਿਆ। ਇਸ ਤੋਂ ਬਾਅਦ ਪੰਜਾਬ ਤਾਂ ਬਣਿਆ ਪਰ ਪੰਜਾਬੀ ਬੋਲਣ ਵਾਲੇ ਇਲਾਕੇ ਪੰਜਾਬ ਤੋਂ ਦੂਰ ਕਰ ਦਿੱਤੇ ਗਏ। ਇੱਥੋਂ ਤਕ ਕਿ ਪੰਜਾਬ ਨੂੰ ਰਾਜਧਾਨੀ ਚੰਡੀਗੜ੍ਹ ਵੀ ਨਹੀਂ ਦਿੱਤੀ ਗਈ ਜਿਸ ਲਈ ਗਾਂਧੀ ਪਰਿਵਾਰ ਹੀ ਜ਼ਿੰਮੇਵਾਰ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ 1984 ਦੇ ਦੰਗਿਆਂ ਲਈ ਕਾਂਗਰਸ ਦਾ ਨਾਂ ਕਾਲੇ ਇਤਿਹਾਸ ਵਿਚ ਲਿਖਿਆ ਜਾ ਚੁੱਕਾ ਹੈ।

Posted By: Seema Anand