ਪੱਤਰ ਪੇ੍ਰਰਕ, ਤਰਨਤਾਰਨ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਤੋਂ ਮਿਲੀਆਂ ਹਦਾਇਤਾਂ 'ਤੇ ਸਿਵਲ ਸਰਜਨ ਡਾ. ਸੀਮਾ ਦੀ ਅਗਵਾਈ 'ਚ ਜ਼ਿਲ੍ਹਾ ਤਰਨਤਾਰਨ ਦੀਆਂ ਸਾਰੀਆਂ ਸਿਹਤ ਸੰਸਥਾਵਾਂ 'ਚ 4 ਜੁਲਾਈ ਤੋਂ 17 ਜੁਲਾਈ ਤਕ ਤੀਰਬ ਦਸਤ ਰੋਕੂ ਪੰਦਰਵਾੜ੍ਹਾ ਮਨਾਇਆ ਜਾਵੇਗਾ। ਸਿਵਲ ਸਰਜਨ ਡਾ. ਸੀਮਾ ਕੋਰ ਨੇ ਆਈਡੀਸੀਐੱਫ ਪੋ੍ਗਰਾਮ ਤਹਿਤ ਪੀਪੀ ਯੂਨਿਟ ਵਿਖੇ ਓਆਰਐੱਸ ਕਾਰਨਰ ਦਾ ਉਦਘਾਟਨ ਕਰਨ ਮੌਕੇ ਜਾਣਕਾਰੀ ਦਿੱਤੀ ਕਿ ਬਰਸਾਤ ਦੇ ਮੌਸਮ 'ਚ ਬੱਚਿਆਂ ਤੇ ਬਜ਼ੁਰਗਾਂ ਨੂੰ ਆਮ ਤੌਰ 'ਤੇ ਦਸਤ ਲੱਗ ਜਾਂਦੇ ਹਨ ਤੇ ਸਰੀਰ 'ਚ ਪਾਣੀ ਦੀ ਘਾਟ ਹੋ ਜਾਂਦੀ ਹੈ, ਜਿਸ ਕਾਰਨ ਉਨਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਉਣਾ ਪੈਂਦਾ ਹੈ।

ਉਨ੍ਹਾਂ ਦਸਤ ਦੀ ਪਛਾਣ, ਓਆਰਐੱਸ ਬਣਾਉਣ ਤੇ ਪੀਣ ਦਾ ਸਹੀ ਤਰੀਕਾ, ਜ਼ਿੰਕ ਦੀ ਖੁਰਾਕ ਤੇ ਫਾਇਦੇ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਓਆਰਐੱਸ ਕਾਰਨਰ 'ਤੇ ਆਏ ਬੱਚਿਆ ਨੂੰ ਓਆਰਐੱਸ ਦੇ ਪੈਕੇਟ ਵੀ ਵੰਡੇ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਨੇ ਦੱਸਿਆ ਕਿ ਇਸ ਉਦੇਸ਼ ਨੂੰ ਪੂਰਾ ਕਰਨ ਲਈ ਘਰ-ਘਰ 'ਚ ਜਿਥੇ 0 ਤੋਂ 5 ਸਾਲ ਤਕ ਦੇ ਛੋਟੇ ਬੱਚੇ ਹਨ, ਆਸ਼ਾ ਵਰਕਰਾਂ ਵੱਲੋਂ ਓਆਰਐੱਸ ਦੇ ਪੈਕੇਟ ਮੁਫਤ ਵੰਡੇ ਜਾਣਗੇ ਤੇ ਦਸਤ ਹੋਣ ਦੀ ਹਾਲਤ ਵਿਚ ਜ਼ਿੰਕ ਦੀਆਂ ਗੋਲ਼ੀਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਪੰਦਰਵਾੜ੍ਹੇ ਦੌਰਾਨ ਆਸ਼ਾ ਵਰਕਰਾਂ ਤੇ ਏਐੱਨਐੱਮ ਵੱਲੋਂ ਜ਼ਿਲ੍ਹੇ ਭਰ ਵਿਚ ਘਰਾਂ-ਘਰਾਂ ਵਿਚ ਦਸਤ ਰੋਗਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ ਤੇ ਓਆਰਐੱਸ ਦੇ ਘੋਲ ਦੀ ਮਹੱਤਤਾ ਦੇ ਨਾਲ-ਨਾਲ ਹੱਥ ਧੌਣ ਦੀ ਵਿਧੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਉਨਾਂ੍ਹ ਕਿਹਾ ਕਿ ਤਰਨਤਾਰਨ ਵਿਚ 0 ਤੋਂ 5 ਸਾਲ ਦੇ ਲਗਭਗ 1 ਲੱਖ 10 ਹਜ਼ਾਰ 379 ਬੱਚੇ ਕਵਰ ਕੀਤੇ ਜਾਣਗੇ। ਇਸ ਮੌਕੇ ਸਾਰੇ ਪੋ੍ਗਰਾਮ ਅਫਸਰ, ਐੱਸਐੱਮਓ, ਐੱਲਐੱਚਵੀ, ਬੀਈਈ ਹਾਜ਼ਰ ਸਨ।