ਪ੍ਰਤਾਪ ਸਿੰਘ, ਤਰਨਤਾਰਨ : ਪਿੰਡ ਫਾਜ਼ਲਪੁਰ ਵਿਖੇ ਨਾਜਾਇਜ਼ ਚੱਲਦੀਆਂ ਮੋਟਰਾਂ ਸਬੰਧੀ ਚੈਕਿੰਗ ਕਰਨ ਗਈ ਪਾਵਰਕਾਮ ਦੀ ਇਨਫੋਸਮੈਂਟ ਟੀਮ ਨੂੰ ਲੋਕਾਂ ਨੇ ਘੇਰ ਲਿਆ। ਇਸ ਦੌਰਾਨ ਉਨ੍ਹਾਂ ਦੀ ਡਿਊਟੀ 'ਚ ਵਿਘਨ ਪਾਉਂਦੇ ਹੋਏ ਉਨ੍ਹਾਂ ਚਾਰ ਘੰਟੇ ਬੰਦੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਉੱਪ ਮੰਡਲ ਅਫਸਰ ਨਾਗੋਕੇ ਦੀ ਸ਼ਿਕਾਇਤ 'ਤੇ ਅੱਠ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਉੱਪ ਮੰਡਲ ਅਫਸਰ ਨਾਗੋਕੇ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਇਨਫੋਸਮੈਂਟ ਟੀਮ 'ਚ ਸ਼ਾਮਲ ਜੇਈ ਪ੍ਰਵੀਨ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਫਾਜ਼ਲਪੁਰ 'ਚ ਬੀਐੱਚਪੀ ਮੋਟਰਾਂ ਨਾਜਾਇਜ਼ ਚੱਲ ਰਹੀਆਂ ਹਨ, ਜਿਸ ਦੀ ਚੈਕਿੰਗ ਕਰਨ ਲਈ ਟੀਮ ਪਿੰਡ ਪਹੁੰਚੀ ਤਾਂ ਉਥੇ ਮੌਜੂਦ ਦਿਆਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੀਆਂਵਿੰਡ, ਦੁਸੰਧਾ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਫਾਜ਼ਲਪੁਰ, ਬਲਬੀਰ ਸਿੰਘ ਉਰਫ ਬੱਬੂ ਪੁੱਤਰ ਪ੍ਰਗਟ ਸਿੰਘ ਵਾਸੀ ਰਾਮਪੁਰ ਭੂਤਵਿੰਡ ਨੇ ਆਪਣੇ 5 ਅਣਪਛਾਤੇ ਸਾਥੀਆਂ ਨਾਲ ਮਿਲ ਕੇ ਟੀਮ ਦਾ ਘਿਰਾਓ ਕੀਤਾ ਤੇ ਸਰਕਾਰੀ ਡਿਊਟੀ 'ਚ ਕਾਰਵਾਈ ਵਿਘਨ ਪਾਇਆ। ਇਨ੍ਹਾਂ ਹੀ ਨਹੀਂ ਉਕਤ ਲੋਕਾਂ ਨੇ ਟੀਮ ਨੂੰ 4 ਘੰਟੇ ਤਕ ਬੰਦੀ ਵੀ ਬਣਾਈ ਰੱਖਿਆ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Posted By: Jaskamal