ਜਸਪਾਲ ਸਿੰਘ ਜੱਸੀ, ਤਰਨਤਾਰਨ

ਬਿਜਲੀ ਦੀ ਚੋਰੀ ਰੋਕਣ ਲੀ ਪਾਵਰਕਾਮ ਪੱਬਾਂ ਭਾਰ ਹੋਇਆ ਪਿਆ ਹੈ। ਤਰਨਤਾਰਨ ਜ਼ਿਲ੍ਹੇ ਦੀ ਹੀ ਗੱਲ ਕਰੀਏ ਤਾਂ ਦੋ ਦਿਨਾਂ ਵਿਚ ਪਾਵਰਕਾਮ ਨੇ ਕਈ ਪਿੰਡਾਂ ਵਿਚ ਅਜਿਹੇ ਝਟਕੇ ਦਿੱਤੇ ਹਨ। ਜਿੱਥੇ ਬਿਜਲੀ ਦੀ ਚੋਰੀ ਉੱਪਰ ਕਿਤੇ ਜੁਰਮਾਨਾ ਅਤੇ ਕਿਤੇ ਚਿਤਾਵਨੀ ਵਰਗੇ ਰਾਹ ਅਪਣਾਏ ਜਾ ਰਹੇ ਹਨ। ਇਸ ਦੇ ਨਾਲ ਹੀ ਲੋਡ ਨੂੰ ਦਰੁਸਤ ਕਰਨ ਦੀਆਂ ਕਾਰਵਾਈਆਂ ਵੀ ਸਾਹਮਣੇ ਆਈਆਂ ਹਨ। ਹਾਲਾਂਕਿ ਪਾਵਰਕਾਮ ਵੱਲੋਂ ਲਗਾਤਾਰ ਬਿਜਲੀ ਦੀ ਵਧ ਰਹੀ ਮੰਗ ਨੂੰ ਘੱਟ ਕਰਵਾਉਣ ਦਾ ਯਤਨ ਵੀ ਜਾਰੀ ਹੈ।

ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਬਿਜਲੀ ਚੋਰੀ ਨੂੰ ਰੋਕਣ ਲਈ ਜਿਥੇ ਐਤਵਾਰ ਨੂੰ ਪਾਵਰਕਾਮ ਦੀਆਂ ਵੱਖ-ਵੱਖ ਟੀਮਾਂ ਨੇ ਇਨਫੋਰਸਮੈਂਟ ਦੀ ਅਗਵਾਈ ਹੇਠ ਛਾਪਾਮਾਰੀ ਕੀਤੀ। ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਕਈ ਥਾਂਈਂ ਬਿਜਲੀ ਦੀ ਚੋਰੀ ਦੇ ਕੇਸ ਵੀ ਸਾਹਮਣੇ ਆਏ। ਕੁਝ ਕੇਸਾਂ ਵਿਚ ਬਹੁਤੀ ਚੋਰੀ ਤਾਂ ਨਹੀਂ ਦਿਖਾਈ ਦਿੱਤੀ ਪਰ ਵਿਭਾਗ ਵੱਲੋਂ ਲੀਕੇਜ ਨੂੰ ਭਾਂਪਦਿਆਂ ਚਿਤਾਵਨੀਆਂ ਜਾਰੀ ਕਰ ਕੇ ਚੋਰੀ ਨਾ ਕਰਨ ਲਈ ਤਾੜਿਆ ਵੀ ਗਿਆ। ਇਹ ਵੀ ਜਾਣਕਾਰੀ ਹੈ ਕਿ ਕਈ ਥਾਂਈਂ ਜੁਰਮਾਨੇ ਵੀ ਕੀਤੇ ਗਏ ਹਨ ਤੇ ਇਸ ਵਿਚ ਵੱਡੇ ਕੇਸ ਵੀ ਸ਼ਾਮਲ ਹਨ, ਜਿਨਾਂ੍ਹ ਬਾਰੇ ਵਿਭਾਗ ਵੱਲੋਂ ਅਧਿਕਾਰਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਗਈ।

ਸੋਮਵਾਰ ਨੂੰ ਵੀ ਇਨਫੋਰਸਮੈਂਟ ਦੀ ਟੀਮ ਨੇ ਤਰਨਤਾਰਨ ਜ਼ਿਲ੍ਹੇ ਵਿਚ ਦਸਤਕ ਦਿੱਤੀ ਅਤੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਮੋਟਰਾਂ ਤੇ ਘਰੇਲੂ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ। ਹਾਲਾਂਕਿ ਸੋਮਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਵੀ ਪਾਵਰਕਾਮ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਚੈਕਿੰਗ ਵਿਰੁੱਧ ਕਈ ਥਾਂਈਂ ਰੋਸ ਮੁਜ਼ਾਹਰਾ ਕਰ ਕੇ ਪੁਤਲੇ ਵੀ ਫੂਕੇ ਗਏ।

-ਬਾਕਸ-

-ਵ੍ਹਟਸਐੱਪ ਗਰੁੱਪਾਂ 'ਤੇ ਸਾਂਝੀ ਹੋਣ ਲੱਗੀ ਛਾਪਾਮਾਰੀ ਦੀ ਸੂਚਨਾ

ਪਾਵਰਕਾਮ ਵੱਲੋਂ ਬਿਜਲੀ ਦੀ ਚੋਰੀ ਰੋਕਣ ਲਈ ਸ਼ੁਰੂ ਕੀਤੀ ਗਈ ਛਾਪੇਮਾਰੀ ਤੋਂ ਬਚਣ ਲਈ ਵੀ ਲੋਕਾਂ ਨੇ ਰਾਹ ਕੱਢ ਲਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਪਿੰਡਾਂ ਅਤੇ ਕਸਬਿਆਂ ਵਿਚ ਜਦੋਂ ਪਾਵਰਕਾਮ ਦੀਆਂ ਟੀਮਾਂ ਦਾਖਲ ਹੁੰਦੀਆਂ ਹਨ ਤਾਂ ਵਟ੍ਹਸਐੱਪ ਗਰੁੱਪਾਂ ਵਿਚ ਇਸਦੀ ਸੂਚਨਾ ਇਕ ਦੂਜੇ ਨਾਲ ਸਾਂਝੀ ਹੋਣ ਲੱਗ ਪੈਂਦੀ ਹੈ। ਇਹ ਸੂਚਨਾ ਵੀ ਕੋਡ ਵਰਡ ਵਿਚ ਜਾਰੀ ਹੁੰਦੀ ਹੈ, ਜਿਸਦੇ ਮਿਲਦਿਆਂ ਹੀ ਕੁੰਡੀ ਕੁਨਕੈਸ਼ਨ ਹਟਾ ਲਏ ਜਾਂਦੇ ਹਨ।

-ਬਾਕਸ-

-ਬਿਜਲੀ ਦੀ ਵਰਤੋਂ ਸੰਯਮ ਨਾਲ ਕਰਨ ਲਈ ਪੇ੍ਰਿਆ ਜਾ ਰਿਹੈ : ਐੱਸਈ

ਪਾਵਰਕਾਮ ਦੇ ਐੱਸਈ ਗੁਰਸ਼ਰਨ ਸਿੰਘ ਖਹਿਰਾ ਨਾਲ ਇਸ ਸਬੰਧੀ ਰਾਬਤਾ ਕੀਤਾ ਤਾਂ ਉਨਾਂ੍ਹ ਦੱਸਿਆ ਕਿ ਚੈਕਿੰਗ ਪ੍ਰਕਿਰਿਆ ਲਗਾਤਾਰ ਜਾਰੀ ਹੈ। ਉਨਾਂ੍ਹ ਦੱਸਿਆ ਕਿ ਐਤਵਾਰ ਅਤੇ ਸੋਮਵਾਰ ਦੋਵੇਂ ਦਿਨ ਚੈਕਿੰਗ ਕੀਤੀ ਗਈ ਹੈ। ਕਈ ਥਾਂਈਂ ਚੋਰੀ ਦੇ ਕੇਸ ਸਾਹਮਣੇ ਆਏ ਹਨ, ਜਿਨਾਂ੍ਹ ਨੂੰ ਜੁਰਮਾਨੇ ਵੀ ਕੀਤੇ ਗਏ ਹਨ। ਜਦੋਂਕਿ ਕਈ ਥਾਂਈਂ ਚੋਰੀ ਨਾ ਕਰਨ ਸਬੰਧੀ ਚਿਤਾਵਨੀ ਵੀ ਦਿੱਤੀ ਗਈ ਹੈ। ਉਨਾਂ੍ਹ ਦੱਸਿਆ ਕਿ ਬਿਜਲੀ ਦੀ ਲਗਾਤਾਰ ਵਧ ਰਹੀ ਮੰਗ ਨੂੰ ਸਮਤਲ ਕਰਨ ਲਈ ਵੀ ਯਤਨ ਜਾਰੀ ਹਨ ਤੇ ਲੋਕਾਂ ਨੂੰ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨ ਲਈ ਪੇ੍ਰਿਆ ਜਾ ਰਿਹਾ ਹੈ।