ਲਵਦੀਪ ਦੇਵਗਨ, ਸਰਹਾਲੀ ਕਲਾਂ

ਪੰਜਾਬ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ 'ਚ ਹੋ ਰਹੀ ਬਿਜਲੀ ਚੋਰੀ ਨੂੰ ਰੋਕਣ ਲਈ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਹੁਕਮ ਦਿੱਤੇ ਹਨ। ਹੁਕਮਾਂ ਦੀ ਪਾਲਣਾ ਕਰਦੇ ਹੋਏ ਪਾਵਰਕਾਮ ਪੱਟੀ ਦੇ ਅਧਿਕਾਰੀਆਂ ਵੱਲੋਂ ਇਲਾਕੇ 'ਚ ਪੈਂਦੇ ਵੱਖ-ਵੱਖ ਸ਼ਹਿਰ, ਪਿੰਡ ਅਤੇ ਕਸਬਿਆਂ 'ਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਹਰਕਤ 'ਚ ਆਏ ਪਾਵਰਕਾਮ ਪੱਟੀ ਦੇ ਐਕਸੀਅਨ ਤੇ ਉਨਾਂ੍ਹ ਦੀ ਟੀਮ ਨੇ ਉੱਪ ਮੰਡਲ ਸਰਹਾਲੀ ਕਲਾਂ ਅਧੀਨ ਆਉਦੇ ਵੱਖ ਵੱਖ ਪਿੰਡਾਂ, ਕਸਬਿਆਂ 'ਚ ਜਾ ਕੇ ਮੀਟਰ ਬਕਸਿਆਂ ਦੀ ਜਾਂਚ ਕੀਤੀ ਅਤੇ ਖੁੱਲ੍ਹੇ ਹੋਏ ਮੀਟਰ ਬਕਸਿਆਂ ਨੂੰ ਜਿੰਦਰੇ ਲਗਾਏ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਪੱਟੀ ਦੇ ਐਕਸੀਅਨ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨਾਂ੍ਹ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਜਾ ਕੇ ਮੀਟਰ ਬਕਸੇ, ਬਿਜਲੀ ਦੀਆਂ ਤਾਰਾਂ ਤੇ ਟਰਾਂਸਫ਼ਾਰਮਰਾਂ ਦੀ ਜਾਂਚ ਕੀਤੀ ਗਈ ਹੈ ਤੇ ਨਾਲ ਹੀ ਖੁੱਲ੍ਹੇ ਹੋਏ ਮੀਟਰ ਬਕਸਿਆਂ ਨੂੰ ਜਿੰਦਰੇ ਲਗਾਏ ਗਏ ਹਨ ਤੇ ਮੀਟਰ ਬਕਸਿਆਂ ਦੀਆਂ ਟੁੱਟੀਆਂ ਹੋਈਆਂ ਬਾਰੀਆਂ ਦੀ ਮੁਰੰਮਤ ਵੀ ਕਰਵਾਈ ਜਾ ਰਹੀ ਹੈ।

ਉਨਾਂ੍ਹ ਕਿਹਾ ਕਿ ਇਲਾਕੇ 'ਚ ਹੋ ਰਹੀ ਬਿਜਲੀ ਚੋਰੀ ਨੂੰ ਲੈਕੇ ਮਹਿਕਮਾ ਪੱਬਾਂ ਭਾਰ ਹੈ ਅਤੇ ਬਿਜਲੀ ਚੋਰੀ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ੍ਹ ਇਹ ਵੀ ਕਿਹਾ ਕਿ ਪਿੰਡ ਸਰਹਾਲੀ 'ਚ ਕੁਝ ਦਿਨਾਂ ਪਹਿਲਾਂ ਪਏ ਲਾਈਨ ਨੁਕਸ ਨੂੰ ਪੂਰੀ ਤਰਾਂ੍ਹ ਠੀਕ ਕਰ ਦਿੱਤਾ ਗਿਆ ਹੈ। ਹੁਣ ਪਿੰਡ ਵਾਸੀਆਂ ਨੂੰ ਕੋਈ ਵੀ ਦਿੱਕਤ ਨਹੀਂ ਆਵੇਗੀ।

ਜੇਕਰ ਕੋਈ ਦਿੱਕਤ ਪਰੇਸ਼ਾਨੀ ਹੋਵੇ ਤਾਂ ਪਿੰਡ ਵਾਸੀ ਉਪ ਮੰਡਲ ਸਰਹਾਲੀ ਦੇ ਅਧਿਕਾਰੀਆਂ ਨੂੰ ਉਸ ਦੀ ਸ਼ਿਕਾਇਤ ਦਰਜ ਕਰਵਾਉਣ ਜਿਸ ਦਾ ਹੱਲ ਜਲਦ ਤੋਂ ਜਲਦ ਕਰ ਦਿੱਤਾ ਜਾਵੇਗਾ। ਇਸ ਮੌਕੇ ਉਪ ਮੰਡਲ ਸਰਹਾਲੀ ਦੇ ਐੱਸਡੀਓ ਜਗਤਾਰ ਸਿੰਘ, ਜੇਈ ਹਰਜੀਤ ਸਿੰਘ, ਲਾਈਨ ਸੁਪਰਡੈਂਟ ਬਲਵਿੰਦਰ ਸਿੰਘ ਕੱਲ੍ਹਾ, ਲਾਈਨ ਮੈਨ ਅਮਰਬੀਰ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।