ਕਾਰਜ ਸਿੰਘ ਬਿੱਟੂ, ਸੁਰਸਿੰਘ : ਪੰਜਾਬ ਸਰਕਾਰ ਨਿੱਤ ਦਿਨ ਅਖਬਾਰਾਂ ਦੀਆਂ ਸੁਰਖੀਆਂ ਤੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਨਹੀਂ ਥੱਕਦੀ। ਪਰ ਸਰਹੱਦੀ ਜ਼ਿਲ੍ਹੇੇ ਅੰਦਰ ਸਹੂਲਤਾਂ ਦੇ ਮਾਮਲੇ ਵਿਚ ਹਾਲਾਤ ਕੁਝ ਹੋਰ ਤਰ੍ਹਾਂ ਦੀ ਸਥਿਤੀ ਬਿਆਨ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਸਰਕਾਰੀ ਹਸਪਤਾਲ ਸੁਰਸਿੰਘ ਤੋਂ ਮਿਲਦੀ ਹੈ। ਜਿੱਥੇ ਸਰਕਾਰ ਨੇ ਡਾਕਟਰ ਤਾਂ ਸਪੈਸ਼ਲਿਸਟ ਭੇਜੇ ਹਨ ਪਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਆਪਣੇ ਪੱਧਰ 'ਤੇ 2 ਸਪੈਸ਼ਲਿਸਟ ਡਾਕਟਰਾਂ ਤੇ 1 ਐੱਮਬੀਬੀਐੱਸ ਡਾਕਟਰ ਨੂੰ ਤਰਨਤਾਰਨ ਅਤੇ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਇਸ ਹਸਪਤਾਲ ਵਿਖੇ ਹਰ ਮਹੀਨੇ ਲੱਗਪੱਗ 150 ਡਲਿਵਰੀ ਕੇਸ ਹੁੰਦੇ ਹਨ। ਜਿਸ ਕਾਰਨ ਪਿਛਲੇ ਸਮੇਂ 'ਚ ਇਸ ਹਸਪਤਾਲ ਨੂੰ ਸਟੇਟ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਇਨਾਮ ਵੀ ਮਿਲ ਚੁੱਕਾ ਹੈ ਅਤੇ ਕੋਰੋਨਾ ਵਾਇਰਸ ਦੇ ਤੇਜ਼ ਪ੍ਰਭਾਵ ਸਮੇਂ ਵੀ ਜਿਥੇ ਇਸ ਹਸਪਤਾਲ ਵਿਚ ਤਾਇਨਾਤ ਡਾਕਟਰਾਂ ਨੇ ਮਰੀਜ਼ਾਂ ਦੀ ਦਿਨ ਰਾਤ ਸੇਵਾ ਕਰਨ 'ਚ ਕੋਈ ਕਸਰ ਨਹੀਂ ਛੱਡੀ। ਉਥੇ ਹੀ ਇਨ੍ਹਾਂ ਸਪੈਸ਼ਲਿਸਟ ਡਾਕਟਰਾਂ ਕਾਰਨ ਹੀ ਦਿਨੋਂ ਦਿਨ ਸਰਕਾਰੀ ਹਸਪਤਾਲ ਸੁਰਸਿੰਘ ਦੀ ਓਪੀਡੀ ਵਿਚ ਵਾਧਾ ਹੋ ਰਿਹਾ ਹੈ। ਪਰ ਸਿਹਤ ਵਿਭਾਗ ਜਾਣ ਬੁੱਝ ਕੇ ਮਰੀਜਾਂ ਨੂੰ ਪ੍ਰਰਾਈਵੇਟ ਡਾਕਟਰਾਂ ਤੋਂ ਮਹਿੰਗੇ ਭਾਅ ਇਲਾਜ ਕਰਵਾਉਣ ਲਈ ਮਜਬੂਰ ਕਰ ਰਿਹਾ ਲੱਗਦਾ ਹੈ। ਇਸ ਸਬੰਧੀ ਅੱਜ ਦਿਹਾਤੀ ਮਜਦੂਰ ਸਭਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਚਮਨ ਲਾਲ ਦਰਾਜਕੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਤਕਰੀਬਨ 150 ਪਿੰਡਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇ ਰਿਹਾ ਸਰਕਾਰੀ ਹਸਪਤਾਲ ਸੁਰਸਿੰਘ ਤੋਂ ਵਧੀਆ ਡਾਕਟਰਾਂ ਨੂੰ ਬਾਹਰ ਭੇਜਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿਖੇ ਬਹੁਤ ਵਧੀਆ ਸੇਵਾ ਨਿਭਾਅ ਰਹੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਨੂੰ ਹਫਤੇ ਦੇ ਦੋ ਦਿਨ ਪੱਟੀ ਅਤੇ ਜ਼ਨਾਨਾ ਰੋਗਾਂ ਦੀ ਮਾਹਿਰ ਡਾਕਟਰ ਨੂੰ ਹਫਤੇ ਦੇ ਸੱਤ ਦਿਨ ਸਿਵਲ ਹਸਪਤਾਲ ਤਰਨਤਾਰਨ ਵਿਖੇ ਆਰਜ਼ੀ ਡਿਊਟੀ ਤੇ ਭੇਜ ਦਿੱਤਾ ਗਿਆ ਹੈ। ਕੁਝ ਸਮਾਂ ਪਹਿਲਾਂ ਹੀ ਇਥੇ ਨਵੇਂ ਆਏ ਮਹਿਲਾ ਡਾਕਟਰ ਐੱਮਬੀਬੀਐੱਸ ਦੀ ਵੀ ਆਰਜ਼ੀ ਡਿਊਟੀ ਪੱਟੀ ਵਿਖੇ ਲਗਾ ਦਿੱਤੀ ਗਈ ਹੈ। ਜਿਸ ਨਾਲ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਆਉਣ ਵਾਲੇ ਗ਼ਰੀਬ ਮਰੀਜ਼ਾਂ ਨੂੰ ਭਾਰੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਕਾਮਰੇਡ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਜੇਕਰ ਸਿਹਤ ਵਿਭਾਗ ਨੇ ਸਰਕਾਰੀ ਹਸਪਤਾਲ ਸੁਰਸਿੰਘ ਦੇ ਸਪੈਸ਼ਲਿਸਟ ਡਾਕਟਰਾਂ ਦੀਆਂ ਡਿਊਟੀਆਂ ਰੱਦ ਨਾ ਕੀਤੀਆਂ ਤਾਂ ਉਹ ਸਿਵਲ ਸਰਜਨ ਦਫਤਰ ਦਾ ਿਘਰਾਓ ਕਰਨਗੇ, ਜਿਸ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ 'ਚ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਤੇ ਵਰਕਰ ਹਾਜ਼ਰ ਸਨ।