ਰਾਜਨ ਚੋਪੜਾ, ਭਿੱਖੀਵਿੰਡ : ਦਿਨ ਦਿਹਾੜੇ ਪੁਲਿਸ ਦੇ ਨਾਕੇ ਤੋਂ ਫ਼ਰਾਰ ਹੁੰਦਿਆਂ ਪੁਲਿਸ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਕੁਝ ਲੋਕਾਂ ਦੀ ਪਛਾਣ ਹੋ ਗਈ ਹੈ। ਜਦੋਂਕਿ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਸੀ। ਥਾਣਾ ਭਿੱਖੀਵਿੰਡ ਵਿਖੇ 17 ਲੋਕਾਂ ਦੇ ਖਿਲਾਫ਼ ਕੇਸ ਦਰਜ ਕਰਕੇ ਫ਼ਰਾਰ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਏਐੱਸਆਈ ਜੱਸਾ ਸਿੰਘ ਸਮੇਤ ਪੁਲਿਸ ਪਾਰਟੀ ਨਾਲ ਨਾਕੇ 'ਤੇ ਤਾਇਨਾਤ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ 5 ਗੱਡੀਆਂ ਜਿਸ ਵਿਚ ਸਵਾਰ ਹਥਿਆਰਬੰੰਦ ਵਿਅਕਤੀ ਬਲ੍ਹੇਰ ਦੀ ਅਨਾਜ ਮੰਡੀ ਵਿਚ ਇਕੱਠੇ ਹੋ ਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਬੈਠੇ ਹਨ। ਪੁਲਿਸ ਪਾਰਟੀ ਜਦੋਂ ਭਿੱਖੀਵਿੰਡ ਬਲ੍ਹੇਰ ਮਾਰਗ ਵੱਲ ਗਈ ਤਾਂ ਉਕਤ 5 ਗੱਡੀਆਂ ਆਉਂਦੀਆਂ ਦਿਖਾਈ ਦਿੱਤੀ। ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕੁਝ ਨੌਜਵਾਨ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ 'ਚ ਮੁਲਾਜ਼ਮਾਂ ਨੇ ਵੀ ਗੋਲੀ ਚਲਾਈ। ਇਸ ਦੌਰਾਨ ਦੋ ਕਾਰਾਂ ਸਵਿਫਟ ਡਿਜ਼ਾਇਰ ਨੰਬਰ ਐੱਚ 17 ਬੀਵੀ 3140 ਅਤੇ ਸ਼ੇਵਰਲਿਟ ਕੈਪਟਿਵਾ ਨੰਬਰ ਪੀਬੀ 08 ਯੂ 0064 'ਤੇ ਸਵਾਰ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ ਗਿਆ। ਜਦੋਂਕਿ ਦੋ ਗੱਡੀਆਂ ਵਿਚ ਸਵਾਰ ਬਾਕੀ ਵਿਅਕਤੀ ਫ਼ਰਾਰ ਹੋਣ ਵਿਚ ਸਫਲ ਹੋ ਗਏ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜੋਬਨਜੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਕੋਟਲੀ ਵਸਾਵਾ ਸਿੰਘ, ਸਾਹਿਲ ਪੁੱਤਰ ਜਾਰਜ ਮਸੀਹ ਵਾਸੀ ਮੰਜਵਾਲਾ ਮੱਖੂ ਅਤੇ ਗੁਰਪ੍ਰਤਾਪ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਆਸਲ ਦੇ ਤੌਰ 'ਤੇ ਹੋਈ। ਜਿਨ੍ਹਾਂ ਨੇ ਫ਼ਰਾਰ ਹੋਣ ਵਾਲੇ ਬਾਕੀ ਮੁਲਜ਼ਮਾਂ ਦੀ ਪਛਾਣ ਮੰਗਾ ਸਿੰਘ, ਸਾਗਰ ਵਾਸੀ ਕੋਟ ਈਸੇ ਖਾਂ, ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫਤਿਹਪੁਰ ਸੁੱਗਾ, ਗੁਰਪ੍ਰੀਤ ਸਿੰਘ ਗੋਪੀ ਵਾਸੀ ਲਖਣਾ, ਭੀਮ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਭਿੱਖੀਵਿੰਡ ਅਤੇ ਵਿੱਕੀ ਪੁੱਤਰ ਮਹਿੰਗਾ ਸਿੰਘ ਵਾਸੀ ਧੁੰਨ ਦੱਸੀ ਹੈ। ਜਦੋਂ ਕਿ ਅੱਠ ਨੌਜਵਾਨ ਅਣਪਛਾਤੇ ਦੱਸੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ। ਜਿਨ੍ਹਾਂ ਕੋਲੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Posted By: Sarabjeet Kaur