ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ: ਕੋਰੋਨਾ ਵਾਇਰਸ ਦੇ ਚੱਲਦੇ ਲਗਾਏ ਗਏ ਕਰਫਿਊ ਦੇ ਬਾਵਜੂਦ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸਰਗਰਮ ਹਨ। ਪੁਲਿਸ ਨੇ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਵੱਡੀ ਮਾਤਰਾ 'ਚ ਅਲਕੋਹਲ ਬਰਾਮਦ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਿਸਦੇ ਖਿਲਾਫ ਆਬਕਾਰੀ ਐਕਟ ਤੋਂ ਇਲਾਵਾ ਕਰਫਿਊ ਦੀ ਉਲੰਘਣਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਜੋਰਾਵਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਕਸੇਲ ਪਿੰਡ ਕੋਲ ਕੀਤੀ ਨਾਕੇਬੰਦੀ ਦੌਰਾਨ ਬਲੈਰੋ ਗੱਡੀ ਨੰਬਰ ਪੀਬੀ 08 ਪੀਡਬਲਯੂ 9041 ਨੂੰ ਰੋਕ ਕੇ ਜਦੋਂ ਸ਼ੱਕ ਦੇ ਧਾਰ 'ਤੇ ਤਲਾਸ਼ੀ ਲਈ ਤਾਂ ਉਸ ਵਿਚੋਂ ਦੋ ਡਰੰਮਾਂ ਵਿਚ ਚਾਰ ਲੱਖ ਮਿਲੀਲੀਟਰ ਅਲਕੋਹਲ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ ਇਸ ਅਲਕੋਹਲ ਨਾਲ ਹਜ਼ਾਰਾਂ ਬੋਤਲਾਂ ਸ਼ਰਾਬ ਤਿਆਰ ਕੀਤੀ ਜਾਣੀ ਸੀ।

ਉਨ੍ਹਾਂ ਦੱਸਿਆ ਕਿ ਬਲੈਰੋ ਗੱਡੀ ਵਿਚ ਤਿੰਨ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਦੋ ਪੁਲਿਸ ਦੀ ਘੇਰਾਬੰਦੀ ਵੇਖ ਕੇ ਫਰਾਰ ਹੋ ਗਏ। ਜਦੋਂਕਿ ਇਕ ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਚੱਕ ਮਹਿਰ ਨੂੰ ਕਾਬੂ ਕਰ ਲਿਆ ਗਿਆ ਹੈ। ਜਦੋਂਕਿ ਭੱਜਣ ਵਾਲਿਆਂ ਦੀ ਪਛਾਣ ਸੋਨੂੰ ਅਤੇ ਬੱਲੋ ਪੁੱਤਰ ਨਰਿੰਦਰ ਸਿੰਘ ਵਾਸੀ ਜਗਤਪੁਰਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਲੋਕਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Posted By: Jagjit Singh