Punjab news ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਪੁਲਿਸ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ 100 ਗ੍ਰਾਮ ਹੈਰੋਇਨ ਬਰਾਮਦ ਕਰਕੇ ਚਾਰ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ। ਜਦੋਂਕਿ ਇਸ ਸਬੰਧੀ ਵੱਖ-ਵੱਖ ਥਾਣਿਆਂ 'ਚ ਦਰਜ ਕੀਤੇ ਗਏ ਤਿੰਨ ਮੁਕੱਦਮਿਆਂ 'ਚ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਚੋਂ ਇਕ ਨੂੰ ਗਿ੍ਫਤਾਰ ਕਰਨਾ ਹਾਲੇ ਬਾਕੀ ਹੈ।

ਸੀਆਈਏ ਸਟਾਫ ਤਰਨਤਾਰਨ ਦੇ ਸਬ ਇੰਸਪੈਕਟਰ ਅਨੋਖ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਵੱਖ-ਵੱਖ ਪਿੰਡਾਂ 'ਚ ਜਾ ਰਹੇ ਸਨ। ਇਸੇ ਦੌਰਾਨ ਪਿੰਡ ਬਾਸਰਕੇ ਦੀ ਡਰੇਨ ਦੇ ਪੁਲ ਕੋਲੋਂ ਅਰਸ਼ਦੀਪ ਸਿੰਘ ਬਿੱਲਾ ਵਾਸੀ ਰੂੜੀਵਾਲਾ ਅਤੇ ਬਿਕਰਮਜੀਤ ਸਿੰਘ ਵਿੱਕੀ ਵਾਸੀ ਵਾਰਡ ਨੰਬਰ 12 ਪੱਟੀ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਨ੍ਹਾਂ ਨੇ ਦੱਸਿਆ ਕਿ ਉਹ ਇਹ ਹੈਰੋਇਨ ਲਵਜੀਤ ਸਿੰਘ ਵਾਸੀ ਬਾਸਰਕੇ ਕੋਲੋਂ ਲੈ ਕੇ ਆਏ ਹਨ। ਜਿਸ ਦੇ ਚੱਲਦਿਆਂ ਤਿੰਨਾਂ ਦੇ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਥਾਣਾ ਖਾਲੜਾ 'ਚ ਕੇਸ ਦਰਜ ਕਰਵਾਇਆ ਗਿਆ ਹੈ। ਜਦੋਂਕਿ ਥਾਣਾ ਖਾਲੜਾ ਦੇ ਏਐੱਸਆਈ ਹੀਰਾ ਸਿੰਘ ਨੇ ਗਸ਼ਤ ਦੌਰਾਨ ਸੂਬਾ ਸਿੰਘ ਵਾਸੀ ਵੀਰਮ ਨਾਮਕ ਵਿਅਕਤੀ ਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ। ਉਕਤ ਵਿਅਕਤੀ ਦੀ ਏਐੱਸਆਈ ਸਤਨਾਮ ਸਿੰਘ ਦੀ ਮੌਜੂਦਗੀ 'ਚ ਜਦੋਂ ਤਲਾਸ਼ੀ ਲਈ ਤਾਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਹੀ ਥਾਣਾ ਕੱਚਾ ਪਾਕਾ ਦੇ ਸਬ ਇੰਸਪੈਕਟਰ ਬਚਿੱਤਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਮੌਕੇ ਪਿੰਡ ਬੂੜਚੰਦ ਕੋਲ ਮੌਜੂਦ ਸਨ। ਇਸੇ ਦੌਰਾਨ ਤੇਜਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦਿਆਲਪੁਰਾ ਨਾਮਕ ਵਿਅਕਤੀ ਦੀ ਸਬ ਇੰਸਪੈਕਟਰ ਕੁਲਵੰਤ ਸਿੰਘ ਦੀ ਮੌਜੂਦਗੀ 'ਚ ਤਲਾਸ਼ੀ ਲਈ ਗਈ। ਜਿਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੇ ਖਿਲਾਫ ਥਾਣਾ ਕੱਚਾ ਪੱਕਾ ’ਚ ਮੁਕੱਦਮਾਂ ਦਰਜ ਕੀਤਾ ਗਿਆ ਹੈ

Posted By: Sarabjeet Kaur