ਪੱਤਰ ਪ੍ਰੇਰਕ, ਤਰਨਤਾਰਨ : ਪਿੰਡ ਭੈਲ ਢਾਏ ਵਾਲਾ ਵਿਖੇ ਖੇਤਾਂ ਵਿਚ ਕੰਮ ਕਰ ਰਹੇ ਵਿਅਕਤੀ ਨੂੰ ਧਮਕਾਉਣ ਲਈ ਚਾਰ ਲੋਕਾਂ ਨੇ ਜਿਥੇ ਗੋਲੀ ਚਲਾਈ। ਉਥੇ ਹੀ ਗਾਲੀ ਗਲੌਚ ਵੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪੀੜ੍ਹਤ ਧਿਰ ਵੱਲੋਂ ਉਕਤ ਲੋਕਾਂ ਨਾਲ ਝਗੜਨ ਵਾਲੀ ਧਿਰ ਦੀ ਮਦਦ ਕੀਤੀ ਗਈ ਸੀ, ਜਿਸਦੀ ਰੰਜਿਸ਼ ਰੱਖਦਿਆਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸਵਿੰਦਰ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਭੈਲ ਢਾਏ ਵਾਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਪਿੰਡ ਦੇ ਹੀ ਸੁਖਵਿੰਦਰ ਸਿੰਘ ਜਿੰਦੂ ਪੁੱਤਰ ਪਿਆਰਾ ਸਿੰਘ, ਗੁਰਜਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ, ਜੰਗ ਸਿੰਘ ਪੁੱਤਰ ਸਵਿੰਦਰ ਸਿੰਘ ਅਤੇ ਬੂਟਾ ਸਿੰਘ ਪੁੱਤਰ ਉਜਾਗਰ ਸਿੰਘ ਨੇ ਸ਼ਾਮ ਕਰੀਬ ਸੱਤ ਵਜੇ ਉਸਦੇ ਘਰ ਦੇ ਬਾਹਰ ਆ ਕੇ ਰੌਲਾ ਪਾਇਆ। ਉਸ ਸਮੇਂ ਉਸਦੀ ਪਤਨੀ ਘਰ ਵਿਚ ਇਕੱਲੀ ਸੀ ਅਤੇ ਜਦੋਂ ਉਹ ਉਸ ਨੂੰ ਇਸ ਸਬੰਧੀ ਖੇਤਾਂ ਵਿਚ ਜਾਣਕਾਰੀ ਦੇਣ ਲਈ ਪਹੁੰਚੀ ਤਾਂ ਇਹ ਸਾਰੇ ਲੋਕ ਉਥੇ ਆ ਗਏ ਜਿਨ੍ਹਾਂ ਨੇ 12 ਬੋਰ ਅਤੇ 315 ਬੋਰ ਰਾਈਫਲ ਨਾਲ ਹਵਾ ਵਿਚ ਗੋਲੀਆਂ ਚਲਾਈਆਂ। ਨਾਲ ਹੀ ਉਸ ਨੂੰ ਗਾਲੀ ਗਲੌਚ ਵੀ ਕੀਤਾ। ਉਸ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਗੁਰਦੇਵ ਸਿੰਘ ਨਾਲ ਝਗੜਾ ਕੀਤਾ ਸੀ ਅਤੇ ਉਸ ਨੇ ਗੁਰਦੇਵ ਸਿੰਘ ਦੀ ਮੱਦਦ ਕੀਤੀ ਸੀ। ਜਿਸਦੀ ਰੰਜਿਸ਼ ਤਹਿਤ ਹੀ ਉਨ੍ਹਾਂ ਨੂੰ ਧਮਕਾਇਆ ਗਿਆ ਹੈ। ਜਾਂਚ ਅਧਿਕਾਰੀ ਏਐੱਸਆਈ ਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਚਾਰਾਂ ਲੋਕਾਂ ਦੇ ਖਿਲਾਫ ਥਾਣਾ ਸ੍ਰੀ ਗੋਇੰਦਵਾਲ ਸਾਹਿਬ 'ਚ ਕੇਸ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ।

Posted By: Ramanjit Kaur