ਪ੍ਰਤਾਪ ਸਿੰਘ, ਤਰਨਤਾਰਨ : ਪਿੰਡ ਢੋਟੀਆਂ ਵਿਖੇ ਜ਼ਮੀਨ 'ਤੇ ਕਬਜ਼ਾ ਕਰਨ ਤੋਂ ਰੋਕਿਆ ਤਾਂ ਚਾਰ ਲੋਕਾਂ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਿਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਹਰਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਢੋਟੀਆਂ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਸਨੇ 8 ਕਨਾਲਾ ਜ਼ਮੀਨ ਪਿੰਡ ਢੋਟੀਆਂ ਵਿਖੇ ਖ਼ਰੀਦਣ ਦਾ ਸੌਦਾ ਹਰਭਜਨ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਲੁਧਿਆਣਾ ਨਾਲ ਕੀਤਾ ਸੀ। ਜਿਸਦੀ ਕੁੱਲ ਰਕਮ 21 ਲੱਖ ਰੁਪਏ ਜ਼ਮੀਨ ਮਾਲਕ ਨੂੰ ਅਦਾ ਕਰ ਦਿੱਤੀ ਅਤੇ ਜ਼ਮੀਨ ਦਾ ਕਬਜ਼ਾ ਲੈ ਲਿਆ। ਪਰ ਇਸ ਜ਼ਮੀਨ 'ਤੇ ਹਰਦੀਪ ਸਿੰਘ ਪੁੱਤਰ ਜਗੀਰ ਸਿੰਘ, ਗੁਰਬਿੰਦਰ ਸਿੰਘ ਪੁੱਤਰ ਨਿਰਮਲ ਸਿੰਘ, ਗੁਰਭੇਜ ਸਿੰਘ ਪੁੱਤਰ ਨਰੰਜਨ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਢੋਟੀਆਂ ਕਬਜ਼ਾ ਕਰਨਾ ਚਾਹੁੰਦੇ ਸਨ। ਬੀਤੇ ਦਿਨ ਚਾਰੇ ਵਿਅਕਤੀ 2 ਟਰੈਕਟਰਾਂ 'ਤੇ ਸਵਾਰ ਹੋ ਕੇ ਜ਼ਮੀਨ 'ਤੇ ਕਬਜ਼ਾ ਕਰਨ ਲੱਗ ਪਏ। ਜਦੋਂ ਉਕਤ ਲੋਕਾਂ ਨੂੰ ਰੋਕਿਆਂ ਤਾਂ ਉਨ੍ਹਾਂ ਨੇ ਉਸ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਧਮਕੀਆਂ ਦਿੰਦੇ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਦੋਂਕਿ ਜ਼ਖ਼ਮੀ ਹਰਦੇਵ ਸਿੰਘ ਨੂੰ ਕੈਰੋਂ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

Posted By: Ramanjit Kaur