ਪੱਤਰ ਪ੍ਰੇਰਕ, ਤਰਨਤਾਰਨ : ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕੀਤਾ ਹੈ। ਪੁਲਿਸ ਨੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਕੇ ਇਕ ਰਿਵਾਲਵਰ, 4 ਜ਼ਿੰਦਾ ਕਾਰਤੂਸ, ਇਕ ਕਿਰਚ ਤੇ ਮੋਟਰਸਾਈਬਲ ਬਰਾਮਦ ਕਰ ਲਿਆ ਹੈ। ਜਦੋਂਕਿ ਉਨ੍ਹਾਂ ਦੇ ਚਾਰ ਸਾਥੀ ਫਰਾਰ ਦੱਸੇ ਜਾ ਰਹੇ ਹਨ।

ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਇਲਾਕੇ 'ਚ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੀ ਤਲਾਸ਼ 'ਚ ਲੱਗੀ ਹੋਈ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀ ਪੁਲ ਸੂਆ ਬਾਹਮਣੀ ਵਾਲਾ ਨੇੜੇ ਲੁਕ ਕੇ ਲੁੱਟਖੋਹ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਪੁਲਿਸ ਪਾਰਟੀ ਸਮੇਤ ਛਾਪੇਮਾਰੀ ਕੀਤੀ ਤਾਂ ਉੱਥੋਂ ਚਾਰ ਵਿਅਕਤੀ ਫਰਾਰ ਹੋਣ ਵਿਚ ਸਫਲ ਹੋ ਗਏ ਜਦਕਿ ਪੁਲਿਸ ਨੇ ਦੋ ਲੋਕਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੇ ਕਬਜ਼ੇ 'ਚੋਂ ਰਿਵਾਲਵਰ, ਕਿਰਚ, ਕਾਰਤੂਸ ਤੇ ਇਕ ਮੋਟਰਸਾਈਬਲ ਬਰਾਮਦ ਹੋਇਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ ਲੱਡੀ ਪੁੱਤਰ ਜਰਨੈਲ ਸਿੰਘ ਵਾਸੀ ਵਾਰਡ ਨੰਬਰ-4 ਜਵਾਲਾ ਜੋਤੀ ਮੰਦਰ ਪੱਟੀ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਵਾਰਡ ਨੰਬਰ-1 ਪੱਟੀ ਦੇ ਤੌਰ 'ਤੇ ਹੋਈ। ਜਿੰਨ੍ਹਾਂ ਨੇ ਫਰਾਰ ਹੋਣ ਵਾਲਿਆਂ ਦੀ ਪਛਾਣ ਕੱਟਾ ਪੁੱਤਰ ਪਰਮਜੀਤ ਸਿੰਘ ਵਾਸੀ ਵਾਰਡ ਨੰਬਰ-1, ਰਜੀਵ ਕੁਮਾਰ ਪੁੱਤਰ ਰਾਜਾ, ਪਾਰਸ ਪੁੱਤਰ ਭੀਮਾ ਵਾਸੀ ਵਾਰਡ ਨੰਬਰ-2 ਪੱਟੀ, ਰਾਣਾ ਪੁੱਤਰ ਸ਼ਿੰਦਾ ਸਿੰਘ ਵਾਸੀ ਪੱਟੀ 'ਤੇ ਦੱਸੀ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

Posted By: Seema Anand