ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਤਰਨਤਾਰਨ ਦੇ ਪਿੰਡ ਰੂੜੀ ਵਾਲਾ ਦੀ ਵਿਆਹੁਤਾ ਨੂੰ ਪੇਕੇ ਘਰ ਉਧਾਰ ਦਿੱਤੇ ਪੈਸੇ ਮੰਗਣ ਦੇ ਚੱਲਦਿਆਂ ਜਬਰੀ ਜ਼ਹਿਰੀਲੀ ਦਵਾਈ ਪਿਆਉਣ ਦੇ ਮਾਮਲੇ ਵਿਚ ਪੁਲਿਸ ਨੇ ਅੱਠ ਮਹੀਨੇ ਬਾਅਦ ਪੇਕੇ ਪਰਿਵਾਰ ਦੇ ਅੱਧਾ ਦਰਜਨ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਅਰਸੇ ਦੌਰਾਨ ਦੋਵਾਂ ਧਿਰਾਂ ਵਿਚ ਰਾਜੀਨਾਵੇਂ ਦੇ ਯਤਨ ਚੱਲਦੇ ਰਹੇ, ਜਿਸਦੇ ਅਸਫਲ ਹੋਣ ਤੋਂ ਬਾਅਦ ਪੀੜ੍ਹਤ ਧਿਰ ਨੇ ਕੇਸ ਦਰਜ ਕਰਵਾ ਦਿੱਤਾ।

ਮਨਦੀਪ ਕੌਰ ਪਤਨੀ ਬਿਕਰਮ ਸਿੰਘ ਵਾਸੀ ਰੂੜੀਵਾਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਹ 19 ਦਸੰਬਰ 2019 ਨੂੰ ਆਪਣੇ ਪੇਕੇ ਪਿੰਡ ਪਨਗੋਟਾ ਵਿਖੇ ਸਾਮਾਨ ਲੈਣ ਲਈ ਗਈ ਸੀ। ਇਸੇ ਦੌਰਾਨ ਉਸਦੇ ਪੇਕੇ ਪਰਿਵਾਰ ਨੇ ਰੋਜ਼ ਪੈਸੇ ਮੰਗਣ 'ਤੇ ਗਾਲੀ ਗਲੌਚ ਕਰਦਿਆਂ ਉਸ ਨੂੰ ਜ਼ਮੀਨ 'ਤੇ ਸੁੱਟ ਲਿਆ। ਇਸੇ ਦੌਰਾਨ ਵਿਰਸਾ ਸਿੰਘ ਤੇ ਉਸਦੀ ਪਤਨੀ ਰਣਜੀਤ ਉਰਫ ਭੋਲੀ ਨੇ ਦੋ ਸ਼ੀਸ਼ੀਆਂ ਕੱਢੀਆਂ, ਜਿਨ੍ਹਾਂ ਵਿਚੋਂ ਇਕ ਉਸਦੇ ਭਰਾ ਕਾਰਜ ਸਿੰਘ ਤੇ ਦੂਸਰੀ ਪਿਤਾ ਚਰਨਜੀਤ ਸਿੰਘ ਨੂੰ ਦੇ ਦਿੱਤੀ। ਜਦੋਂਕਿ ਉਸਦੀ ਮਾਤਾ ਨਿੰਦਰ ਕੌਰ ਨੇ ਦੋਵਾਂ ਨੂੰ ਆਦੇਸ਼ ਦਿੱਤੇ ਕਿ ਇਸ ਦਾ ਅੱਜ ਨਿਬੇੜਾ ਕਰ ਦਿਓ। ਉਕਤ ਲੋਕਾਂ ਨੇ ਦੋਵਾਂ ਸ਼ੀਸ਼ੀਆਂ ਵਿਚਲੀ ਜ਼ਹਿਰੀਲੀ ਦਵਾਈ ਧੱਕੇ ਨਾਲ ਉਸਦੇ ਮੂੰਹ ਵਿਚ ਪਾ ਦਿੱਤੀ। ਜਿਸਦੇ ਚੱਲਦਿਆਂ ਉਸ ਨੂੰ ਪੱਟੀ ਦੇ ਸੰਧੂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਹਰਦਿਆਲ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਪਹਿਲੇ ਵਿਆਹ ਤੋਂ ਤਲਾਕ ਹੋਇਆ ਸੀ। ਜਿਸ ਦੇ ਸਬੰਧ ਵਿਚ ਮਿਲੇ ਪੈਸੇ ਉਸਦੇ ਪੇਕਿਆਂ ਨੇ ਹੁਦਾਰ ਲਏ ਸਨ। ਮਨਦੀਪ ਕੌਰ ਇਹ ਪੈਸੇ ਉਨ੍ਹਾਂ ਕੋਲੋਂ ਮੰਗਦੀ ਸੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦਸੰਬਰ 2019 ਦੀ ਹੈ ਪਰ ਪੁਲਿਸ ਨੂੰ ਹੁਣ ਸ਼ਿਕਾਇਤ ਮਿਲੀ ਹੈ, ਜਿਸ 'ਤੇ ਕਾਰਵਾਈ ਕਰਦਿਆਂ ਚਰਨਜੀਤ ਸਿੰਘ, ਨਿੰਦਰ ਕੌਰ, ਕਾਰਜ ਸਿੰਘ, ਉਸਦੀ ਪਤਨੀ ਅਮਨਦੀਪ ਕੌਰ, ਵਿਰਸਾ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਰਣਜੀਤ ਕੌਰ ਭੋਲੀ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਥਾਣਾ ਹਰੀਕੇ ਪੱਤਣ ਵਿਚ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Posted By: Ramanjit Kaur