ਸਟਾਫ਼ ਰਿਪੋਰਟਰ, ਤਰਨਤਾਰਨ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਤਰਨਤਾਰਨ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਤੇ ਹਾੜ੍ਹੀ ਦੀਆਂ ਫ਼ਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਖੇਤੀ ਪ੍ਰਦਰਸ਼ਨੀਆਂ ਅਤੇ ਕਿਸਾਨ ਸਿਖਲਾਈ ਕੈਂਪ ਐੱਸਆਰ ਰਿਜ਼ਾਰਟ ਤਰਨਤਾਰਨ ਵਿਖੇ ਲਗਾਇਆ ਗਿਆ।

ਇਸ ਕੈਂਪ 'ਚ ਰਣਜੀਤ ਸਿੰਘ ਚੀਮਾਂ, ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਦੇ ਨਾਲ ਹੀ ਸ਼ੇਰ ਸਿੰਘ ਝੰਡੇਰ, ਜਨਰਲ ਸਕੱਤਰ ਕਿਸਾਨ ਵਿੰਗ ਤੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਅੰਜੂ ਬਾਲਾ ਵੱਲੋਂ ਇਸ ਕੈਂਪ ਵਿਚ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਗਈ।

ਇਸ ਮੌਕੇ ਡੀਸੀ ਮੋਨੀਸ਼ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਸਬੰਧੀ ਜਾਗਰੂਕ ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਪਰਾਲੀ ਪ੍ਰਬੰਧਨ ਲਈ ਖੇਤੀ ਸੰਦਾਂ ਦੀ ਵੀ ਪ੍ਰਦਰਸ਼ਨੀ ਲਾ ਕੇ ਕਿਸਾਨਾਂ ਨੂੰ ਇਨਾਂ੍ਹ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ੍ਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨਾਂ੍ਹ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥ ਜ਼ਮੀਨ ਵਿਚੋਂ ਕਈ ਕੀਮਤੀ ਤੱਤ ਨਸ਼ਟ ਹੁੰਦੇ ਹਨ, ਉੱਥੇ ਹੀ ਹਵਾ ਪ੍ਰਦੂਸ਼ਣ ਨਾਲ ਸਾਹ ਦੀਆਂ ਬੀਮਾਰੀਆਂ ਨਾਲ ਇਕ ਨਵਾਂ ਬੋਝ ਪੈ ਜਾਂਦਾ ਹੈ।

ਇਸ ਮੌਕੇ ਰਣਜੀਤ ਸਿੰਘ ਚੀਮਾਂ, ਚੇਅਰਮੈਨ ਪੰਜਾਬ ਜਲ ਸਰੋਤ, ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਹਵਾ, ਪਾਣੀ ਤੇ ਮਿੱਟੀ ਦੀ ਬੇਹਤਰੀ ਲਈ ਨਿਰੰਤਰ ਕੰਮ ਕਰ ਰਹੀ ਹੈ। ਸਰਕਾਰ ਕੀਤੇ ਗਏ ਵਾਅਦਿਆਂ ਨੂੰ ਪੂਰੇ ਕਰਨ ਲਈ ਵਚਨਬੱਧ ਹੈ।

ਸਰਕਾਰ ਵੱਲੋਂ ਕਿਸਾਨਾਂ ਨੂੰ ਡਿੱਗ ਰਹੇ ਪਾਣੀ ਪੱਧਰ ਨੂੰ ਉੱਚਾ ਚੁੱਕਣ ਲਈ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਤ ਕੀਤਾ ਗਿਆ ਸੀ, ਇਸ ਤਹਿਤ ਕਿਸਾਨਾਂ ਨੂੰ ਪੋ੍ਤਸਾਹਨ ਰਾਸ਼ੀ 1500 ਰੁਪਏ ਪ੍ਰਤੀ ਏਕੜ ਦੇਣ ਦਾ ਜੋ ਵਾਅਦਾ ਕੀਤਾ ਸੀ, ਉਹਦੀ ਬਣਦੀ ਰਾਸ਼ੀ ਕਿਸਾਨਾਂ ਨੂੰ ਦੇਣ ਲਈ ਖੇਤੀਬਾੜੀ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ ਜੋ ਕਿ ਆਉਂਦੇ ਦਿਨਾਂ ਵਿਚ ਮੁੱਢਲੀ ਪੜਤਾਲ ਕਰਨ ਉਪਰੰਤ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੀ ਭੁਗਤਾਨ ਕਰ ਦਿੱਤੀ ਜਾਵੇਗੀ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਮਿੱਟੀ, ਪਾਣੀ ਅਤੇ ਹਵਾ ਦਿਨੋਂ ਦਿਨ ਖ਼ਰਾਬ ਹੋ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਮਿੱਟੀ ਦਾ ਉਪਜਾਊ ਪਣ ਘਟਣ ਨਾਲ ਖਾਦਾਂ ਦੀ ਖਪਤ ਵਧਦੀ ਹੈ ਜਦੋਂਕਿ ਪਾਣੀ ਦੇ ਡੂੰਘੇ ਹੋਣ ਨਾਲ ਬਿਜਲੀ ਖਪਤ ਦੇ ਨਾਲ ਨਾਲ ਸਬਮਰਸੀਬਲ ਮੋਟਰਾਂ ਲਈ ਕਰਾਏ ਜਾ ਰਹੇ ਡੂੰਘੇ ਬੋਰਾਂ ਤੇ ਕਿਰਸਾਨੀ ਦੀ ਜੇਬ 'ਤੇ ਭਾਰੀ ਬੋਝ ਪੈ ਰਿਹਾ ਹੈ।

ਇਸ ਮੌਕੇ ਡਾ. ਸੁਰਿੰਦਰਪਾਲ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਵੱਲੋਂ ਕਿਸਾਨਾਂ ਨੂੰ ਦੱਸਿਆ ਕਿ ਇਸ ਅੱਗ ਲਾਉਣ ਦੀ ਪ੍ਰਥਾ ਨੂੰ ਖ਼ਤਮ ਕਰਨ ਲਈ ਖੇਤੀਬਾੜੀ ਵਿਭਾਗ ਪਿੰਡ-ਪਿੰਡ ਜਾ ਕੇ ਜਾਗਰੂਕ ਕਰ ਰਿਹਾ ਹੈ ਅਤੇ ਕਿਸਾਨਾਂ ਤਕ ਪਹੁੰਚ ਕਰਕੇ ਤਕਨੀਕੀ ਜਾਣਕਾਰੀ ਦੇ ਰਿਹਾ ਹੈ।

ਇਥੇ ਹੀ ਡਾ. ਭੁਪਿੰਦਰ ਸਿੰਘ ਖੇਤੀਬਾੜੀ ਅਫ਼ਸਰ ਪੱਟੀ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਸੁਪਰ ਸੀਡਰ, ਹੈਪੀ ਸੀਡਰ ਜਿਹੀਆਂ ਮਸ਼ੀਨਾਂ ਨਾਲ ਬਿਜਾਈ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾਵੇ। ਇਸ ਲਈ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਸਬਸਿਡੀ 'ਤੇ ਦਿੱਤੀ ਜਾ ਰਹੀ ਹੈ।

ਕੈਂਪ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ, ਬਾਗਬਾਨੀ ਵਿਭਾਗ, ਫ਼ਾਰਮ ਸਲਾਹਕਾਰ ਕੇਂਦਰ ਤਰਨ ਤਾਰਨ ਤੇ ਪਸ਼ੂ ਪਾਲਣ ਵਿਭਾਗ ਤੋਂ ਆਏ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸੰਬੰਧਤ ਵਿਭਾਗਾਂ ਦੀਆਂ ਸਕੀਮਾਂ ਤੇ ਤਕਨੀਕਾਂ ਬਾਰੇ ਦੱਸਿਆ ਗਿਆ । ਇਸ ਮੌਕੇ ਖੇਤੀਬਾੜੀ ਵਿਭਾਗ, ਸੈਲਫ਼ ਹੈਲਪ ਗਰੁੱਪਾਂ ਤੇ ਵੱਖ-ਵੱਖ ਕੰਪਨੀਆਂ ਵੱਲੋਂ ਖੇਤੀ ਤਕਨੀਕਾਂ ਸੰਬੰਧੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ।

ਕਵੀ ਅਜੈਬ ਸਿੰਘ ਬੋਦੇਵਾਲ ਅਤੇ ਸਕੱਤਰ ਸਿੰਘ ਪੁਰੇਵਾਲ ਪਿੰਡ ਗਿੱਲ ਕਲੇਰ ਨੇ ਪਰਾਲੀ ਪ੍ਰਬੰਧਨ 'ਤੇ ਨੁੱਕੜ ਨਾਟਕ ਖੇਡਿਆ। ਇਸ ਮੌਕੇ ਲੰਮੇ ਸਮੇਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਵਿਚ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਮਾਹਿਰਾਂ ਦੇ ਵਿਚਾਰ ਸੁਣੇ ਅਤੇ ਖੇਤੀ ਪ੍ਰਦਰਸ਼ਨੀਆਂ ਦਾ ਲਾਹਾ ਲਿਆ।

ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਹਰਪਾਲ ਸਿੰਘ ਪੰਨੂ ਚੋਹਲਾ ਸਾਹਿਬ, ਡਾ. ਰੁਲਦਾ ਸਿੰਘ ਤਰਨ ਤਾਰਨ, ਡਾ. ਮਸਤਿੰਦਰ ਸਿੰਘ ਭਿੱਖੀਵਿੰਡ, ਡਾ. ਮਲਵਿੰਦਰ ਸਿੰਘ ਖਡੂਰ ਸਾਹਿਬ, ਡਾ. ਬਲਜਿੰਦਰ ਸਿੰਘ ਭੁੱਲਰ ਗੰਡੀਵਿੰਡ ਤੇ ਡਾ. ਬਲਜਿੰਦਰ ਸਿੰਘ ਨੌਸ਼ਹਿਰਾ ਪਨੂੰਆਂ ਵੱਲੋਂ ਕੈਂਪ ਪ੍ਰਬੰਧਨ ਅਤੇ ਸੰਚਾਲਨ ਵਿਚ ਅਹਿਮ ਯੋਗਦਾਨ ਪਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਕੈਂਪ ਵਿਚ ਜ਼ਿਲ੍ਹਾ ਤਰਨਤਾਰਨ ਖੇਤੀਬਾੜੀ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸੀ, ਜਿਨਾਂ੍ਹ ਨੇ ਇਸ ਕੈਂਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿ੍ਹਆ।