ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਮਰੜ ਅਤੇ ਕਿੜੀਆਂ 'ਤੇ ਪਿਛਲੇ ਕਈ ਦਿਨਾਂ ਤੋਂ ਪੁਲਿਸ, ਆਬਕਾਰੀ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੌਰਾਨ ਜਿਥੇ 4 ਲੱਖ ਲੀਟਰ ਤੋਂ ਵੱਧ ਲਾਹਣ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕੀ ਹੈ। ਉਥੇ ਹੀ ਮੰਗਲਵਾਰ ਨੂੰ ਸਵੇਰ ਤੋਂ ਲੈ ਕੇ ਸ਼ਾਮ ਤਕ ਚੱਲੇ ਤਲਾਸ਼ੀ ਅਭਿਆਨ ਦੌਰਾਨ 1 ਲੱਖ 2 ਹਜ਼ਾਰ ਲੀਟਰ ਲਾਹਣ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ।ਤਰਨਤਾਰਨ ਜ਼ਿਲ੍ਹੇ 'ਚ ਹਰੀਕੇ ਪੱਤਣ ਖੇਤਰ 'ਚੋਂ ਲੰਘਦੇ ਬਿਆਸ ਦਰਿਆ ਦੇ ਕੰਡੇ ਵੱਸੇ ਪਿੰਡਾਂ ਮਰੜ ਅਤੇ ਕਿੜੀਆਂ ਦੇ ਮੰਡ ਖੇਤਰ 'ਤੇ ਇਸ ਵੇਲੇ ਪੁਲਿਸ ਪ੍ਰਸ਼ਾਸਨ ਦੀ ਤਿੱਖੀ ਨਰ ਹੈ। ਅੱਜ ਪੁਲਿਸ, ਆਬਕਾਰੀ ਅਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਵੱਡੀ ਟੀਮ ਨੇ ਸਵੇਰੇ 8 ਤੋਂ ਸ਼ਾਮ 6 ਵਜੇ ਤਕ ਮੋਟਰ ਚਲਤ ਬੇੜੀਆਂ ਰਾਹੀਂ ਛਾਪੇਮਾਰੀ ਕੀਤੀ ਜਿਸ ਦੌਰਾਨ 1 ਲੱਖ 2 ਹਜ਼ਾਰ 600 ਲੀਟਰ ਲਾਹਣ ਤੋਂ ਇਲਾਵਾ 13 ਲੋਹੇ ਦੇ ਡਰੰਮ, 6 ਸਿਲਵਰ ਦੇ ਪਤੀਲੇ, 2 ਬੇੜੀਆਂ ਬਰਾਮਦ ਹੋਈਆਂ। ਇਸ ਸਬੰਧੀ ਪੁਲਿਸ ਨੇ ਥਾਣਾ ਚੋਹਲਾ ਸਾਹਿਬ ਦਸ ਲੋਕਾਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Jagjit Singh