ਪ੍ਰਤਾਪ ਸਿੰਘ, ਤਰਨਤਾਰਨ : ਪਿੰਡ ਬਾਕੀਪੁਰ ਨੇੜੇ ਕਾਰ 'ਤੇ ਜਾ ਰਹੇ ਨੌਜਵਾਨਾਂ 'ਤੇ ਡੇਢ ਦਰਜਨ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਅਤੇ ਗੋਲ਼ੀਆਂ ਚਲਾਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਦੋ ਨੌਜਵਾਨ ਜ਼ਖ਼ਮੀ ਹੋ ਗਏ। ਝਗੜੇ ਦਾ ਕਾਰਨ ਬੀਤੇ ਦਿਨੀਂ ਆਪਸ ਵਿਚ ਕਾਰਾਂ ਦੀ ਟੱਕਰ ਹੋਣਾ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਹਮਲਾਵਰਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਅਜੇ ਫ਼ਰਾਰ ਦੱਸੇ ਜਾ ਰਹੇ ਹਨ।

ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਨੂਰਦੀ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਦੋਸ਼ ਲਗਾਇਆ ਹੈ ਕਿ ਉਸ ਦੇ ਚਾਚੇ ਦੇ ਲੜਕੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਿਝਰਮਲ ਸਿੰਘ ਦੇ ਦੋਸਤ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਮਨਜੀਤ ਸਿੰਘ ਵਾਸੀ ਮਾਣੋਚਾਹਲ ਦੀ ਕਾਰ ਰਾਜਾ ਪੁੱਤਰ ਬਿੱਲੂ, ਅਕਾਸ਼ ਪੁੱਤਰ ਬਿੱਟੂ, ਉਸ ਦੇ ਭਰਾ ਸੁਖਪਾਲ ਸਿੰਘ ਵਾਸੀ ਬਾਕੀਪੁਰ ਦੀ ਕਾਰ ਨਾਲ ਟਕਰਾ ਗਈ ਸੀ। ਉਹ ਮਨਪ੍ਰੀਤ ਸਿੰਘ ਨਾਲ ਰੰਜਿਸ਼ ਰੱਖ ਰਹੇ ਸੀ ਅਤੇ ਉਸ ਨੂੰ ਧਮਕੀਆਂ ਦੇਣ ਲੱਗ ਪਏ ਕਿ ਉਸ ਨੂੰ ਰਸਤੇ ਵਿਚ ਹੀ ਮਾਰ ਦੇਣਾ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਹਰਪ੍ਰੀਤ ਸਿੰਘ ਹੈਪੀ ਦੋਸਤ ਮਨਪ੍ਰੀਤ ਸਿੰਘ ਨੂੰ ਉਸ ਦੇ ਪਿੰਡ ਮਾਣੋਚਾਹਲ ਛੱਡਣ ਲਈ ਰਾਤ 8 ਵਜੇ ਜਾ ਰਹੇ ਸੀ। ਇਸ ਦੌਰਾਨ ਰਾਜਾ, ਅਕਾਸ਼, ਸੁਖਪਾਲ ਨੇ ਆਪਣੇ ਇਕ ਦਰਜਨ ਤੋਂ ਵੱਧ ਅਣਪਛਾਤੇ ਲੋਕਾਂ ਨਾਲ ਉਨ੍ਹਾਂ ਨੂੰ ਬਾਕੀਪੁਰ ਭੱਠੇ ਨੇੜੇ ਰੋਕ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਵੱਲੋਂ ਪਿਸਤੌਲ ਨਾਲ ਗੋਲ਼ੀਆਂ ਵੀ ਚਲਾਈਆਂ ਗਈਆਂ ਜਿਸ ਕਾਰਨ ਹਰਪ੍ਰੀਤ ਸਿੰਘ ਹੈਪੀ ਦੇ ਚਾਰ ਗੋਲ਼ੀਆਂ ਲੱਗੀਆਂ ਅਤੇ ਉਸ ਦੀ ਮੌਕੋ 'ਤੇ ਹੀ ਮੌਤ ਹੋ ਗਈ। ਰੌਲਾ ਪਾਉਣ 'ਤੇ ਹਮਲਾਵਰ ਫ਼ਰਾਰ ਹੋ ਗਏ। ਇਸ ਦੀ ਸ਼ਿਕਾਇਤ ਉਸ ਨੇ ਪੁਲਿਸ ਨੂੰ ਕਰ ਦਿੱਤੀ। ਥਾਣਾ ਸਦਰ ਮੁਖੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਮਲਾਵਰਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਗਿ੍ਰਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਵਿਦਿਆਰਥੀ ਯੂਨੀਅਨ ਦੀ ਚੋਣ 'ਚ ਝਗੜਾ ਬਣਿਆ ਕਾਰਨ

ਸੂਤਰਾਂ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਵਿਚ ਵਿਦਿਆਰਥੀ ਯੂਨੀਅਨ ਦੀ ਚੋਣ ਨੂੰ ਲੈ ਕੇ ਦੋ ਧੜਿਆਂ 'ਚ ਚੱਲ ਰਹੀ ਰੰਜਿਸ਼ ਇਸ ਹਮਲੇ ਦਾ ਕਾਰਨ ਬਣੀ। ਇਸ ਚੋਣ ਲਈ ਇਹ ਦੋਵੇਂ ਧੜੇ ਕਰੀਬ ਤਿੰਨ ਮਹੀਨੇ ਤੋਂ ਆਹਮੋ-ਸਾਹਮਣੇ ਸਨ। 25 ਜਨਵਰੀ ਸ਼ਾਮ ਨੂੰ ਵੀ ਦੋਵੇਂ ਧੜੇ ਆਹਮੋ-ਸਾਹਮਣੇ ਹੋਏ ਜੋਕਿ ਇਸ ਹਮਲੇ ਦਾ ਕਾਰਨ ਬਣਿਆ।