ਸਟਾਫ ਰਿਪੋਰਟਰ, ਤਰਨਤਾਰਨ : ਇੱਥੇ ਚੱਲ ਰਹੇ ਦਾ ਤਰਨਤਾਰਨ ਸਰਵਿਸ ਕਲੱਬ 'ਤੇ ਕਾਰਵਾਈ ਦੀ ਗਾਜ਼ ਡਿੱਗ ਸਕਦੀ ਹੈ। ਪ੍ਰਸ਼ਾਸਨ ਵੱਲੋਂ ਇਕ ਸ਼ਿਕਾਇਤ ਦੇ ਅਧਾਰ 'ਤੇ ਇਸ ਉੱਪਰ ਕਾਰਵਾਈ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਸ਼ਿਕਾਇਤ ਕਰਤਾ ਵੱਲੋਂ ਇਥੇ ਗੈਰ ਕਾਨੂੰਨੀ ਢੰਗ ਨਾਲ ਜੂਆ ਖੇਡਣ ਅਤੇ ਬਿਨਾਂ ਮਨਜ਼ੂਰੀ ਦੇ ਸ਼ਰਾਬ ਪੀਣ ਵਰਗੇ ਕੰਮ ਹੋਣ ਦੇ ਕਥਿਤ ਤੌਰ 'ਤੇ ਦੋਸ਼ ਲਗਾਏ ਹਨ। ਕਲੱਬ ਵਿਰੁੱਧ ਸ਼ੁਰੂ ਹੋਈ ਕਾਰਵਾਈ ਦੀ ਪੁਸ਼ਟੀ ਕਰਦਿਆਂ ਐੱਸਡੀਐੱਮ ਰਜਨੀਸ਼ ਅਰੋੜਾ ਨੇ ਦੱਸਿਆ ਕਿ ਮੌਜੂਦਾ ਪ੍ਰਧਾਨ ਕੋਈ ਸਪੱਸ਼ਟ ਕਾਗਜਾਤ ਨਹੀਂ ਦਿਖਾ ਸਕੇ ਹਨ।

ਦੱਸਣਾ ਬਣਦਾ ਹੈ ਕਿ ਤਰਨਤਾਰਨ ਵਿਚ ਕਈ ਦਹਾਕਿਆਂ ਤੋਂ ਸਰਵਿਸ ਕਲੱਬ ਨਾਂ ਦੀ ਸੰਸਥਾ ਸਥਾਨਕ ਮੁਰਾਦਪੁਰ ਰੋਡ 'ਤੇ ਚੱਲ ਰਹੀ ਹੈ। ਜਿਸ 'ਚ ਕਥਿਤ ਤੌਰ 'ਤੇ ਜੂਆ ਖੇਡਣ ਅਤੇ ਬਿਨਾ ਕਿਸੇ ਮਨਜੂਰੀ ਦੇ ਸ਼ਰਾਬ ਪੀਣ ਵਰਗੇ ਦੋਸ਼ ਦੀਪਕ ਕੁਮਾਰ ਬੌਬੀ ਸੂਦ ਵੱਲੋਂ ਲਗਾਏ ਗਏ ਹਨ। ਉਨਾਂ੍ਹ ਵੱਲੋਂ ਬਕਾਇਦਾ ਇਕ ਸ਼ਿਕਾਇਤ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੂੰ ਵੀ ਸੌਂਪੀ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੌਬੀ ਸੂਦ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਇਕ ਆਰਟੀਆਈ ਦੇ ਜਵਾਬ ਵਿਚ ਕਲੱਬ ਵਾਲੀ ਥਾਂ ਨੂੰ ਬਿਨਾ ਕਿਸੇ ਕਿਰਾਏ 'ਤੇ ਲਾਇਨਜ਼ ਕਲੱਬ ਨੂੰ ਚਿਲਡਰਨ ਪਾਰਕ ਬਣਾਉਣ ਵਾਸਤੇ ਦਿੱਤਾ ਦੱਸਿਆ ਗਿਆ ਸੀ। ਪਰ ਇਥੇ ਲਗਾਤਾਰ ਗੈਰ ਕਾਨੂੰਨੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਉਨਾਂ੍ਹ ਦੱਸਿਆ ਕਿ ਸ਼ਹਿਰ ਵਾਸੀਆਂ ਵੱਲੋਂ ਉਨਾਂ੍ਹ ਨੇ ਇਹ ਮਾਮਲਾ ਚੁੱਕਿਆ ਕਿਉਕਿ ਇਥੇ ਗਿਣੇ ਚੁਣੇ ਕੁਝ ਲੋਕ ਆਪਣੀ ਮਨਮਰਜੀ ਨਾਲ ਵੱਖ ਵੱਖ ਢੰਗਾਂ ਰਾਹੀਂ ਜੂਆ ਖੇਡਦੇ ਹਨ। ਜਦੋਂਕਿ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਪੀਣ ਦਾ ਸਿਲਸਿਲਾ ਵੀ ਚਲਦਾ ਹੈ। ਉਨਾਂ੍ਹ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਸਾਲ 2013 ਵਿਚ ਛਾਪਾਮਾਰੀ ਕਰ ਕੇ ਕਈ ਲੋਕਾਂ ਨੂੰ ਗਿ੍ਫਤਾਰ ਕੀਤਾ ਅਤੇ ਗੈਂਬਿਲੰਗ ਐਕਟ ਦੇ ਤਹਿਤ ਮੁਕੱਦਮਾਂ ਵੀ ਦਰਜ ਕੀਤਾ ਸੀ।

-ਬਾਕਸ-

-ਸ਼ਹਿਰ ਵਾਸੀਆਂ ਵੱਲੋਂ ਉਨਾਂ੍ਹ ਨੇ ਕੀਤੀ ਹੈ ਸ਼ਿਕਾਇਤ : ਬੌਬੀ ਸੂਦ

ਦੀਪਕ ਕੁਮਾਰ ਬੌਬੀ ਸੂਦ ਨੇ ਕਿਹਾ ਕਿ ਤਰਨਤਾਰਨ ਵਿਚ ਕਲੱਬ ਨਾਂ ਦੀ ਇਮਾਰਤ ਵਿਚ ਹੁੰਦੇ ਗੈਰ ਕਾਨੂੰਨੀ ਕੰਮਾਂ ਬਾਰੇ ਉਨਾਂ੍ਹ ਨੇ ਸ਼ਿਕਾਇਤ ਦਿੱਤੀ ਹੈ। ਉਨਾਂ੍ਹ ਨੇ ਇਹ ਸ਼ਿਕਾਇਤ ਸ਼ਹਿਰ ਵਾਸੀਆਂ ਦੇ ਨੁਮਾਇੰਦੇ ਵਜੋਂ ਦਿੱਤੀ ਹੈ ਅਤੇ ਉਥੇ ਤਾਸ਼, ਟੋਕਨਾਂ ਅਤੇ ਹੋਰ ਸਾਧਨਾਂ ਨਾਲ ਲੱਖਾਂ ਰੁਪਏ ਦਾ ਜੂਆ ਹੁੰਦਾ ਹੈ। ਦਿੱਤੀ ਗਈ ਸ਼ਿਕਾਇਤ ਅਤੇ ਹੋਰ ਕਾਗਜਾਤਾਂ ਤੋਂ ਇਲਾਵਾ ਕਲੱਬ ਦੀਆਂ ਤਾਸ਼ ਅਤੇ ਜੂਏ ਦੇ ਹੋਰ ਸਾਧਨਾਂ ਦੀਆਂ ਤਸਵੀਰਾਂ ਦਿੰਦਿਆਂ ਬੌਬੀ ਸੂਦ ਨੇ ਕਿਹਾ ਕਿ ਉਨਾਂ੍ਹ ਨੇ ਆਪਣੇ ਫਰਜ ਵਜੋਂ ਇਹ ਜਾਣਕਾਰੀ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੂੰ ਲਿਖਤੀ ਰੂਪ ਵਿਚ ਵੀ ਦੇ ਦਿੱਤੀ ਹੈ।

ਬਾਕਸ-

-ਪ੍ਰਸੀਡਿੰਗ ਤਿਆਰ ਕਰ ਕੇ ਕਾਰਵਾਈ ਲਈ ਭੇਜੀ : ਐੱਸਡੀਐੱਮ

ਤਰਨਤਾਰਨ ਦੇ ਐੱਸਡੀਐੱਮ ਰਜਨੀਸ਼ ਅਰੋੜਾ ਨੇ ਕਿਹਾ ਕਿ ਕਲੱਬ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਦੇ ਚਲਦਿਆਂ ਕਲੱਬ ਦੇ ਮੌਜੂਦਾ ਪ੍ਰਧਾਨ ਨੂੰ ਬੁਲਾ ਕੇ ਕਲੱਬ ਦੀ ਮਾਲਕੀ, ਰਜਿਸਟੇ੍ਸ਼ਨ, ਕਾਇਦਿਆਂ ਬਾਰੇ ਕਾਗਜਾਤ ਮੰਗੇ ਗਏ ਸਨ। ਇਸ ਸਬੰਧੀ ਸ਼ਿਕਾਇਤਕਰਤਾ ਨੂੰ ਵੀ ਬੁਲਾਇਆ ਗਿਆ ਸੀ। ਮੰਗੇ ਗਏ ਕਾਗਜਾਤ ਕੱਲਬ ਦੇ ਪ੍ਰਧਾਨ ਉਸ ਵੇਲੇ ਮੁਹੱਈਆ ਨਹੀਂ ਕਰਵਾ ਸਕੇ। ਉਨਾਂ੍ਹ ਦੱਸਿਆ ਕਿ ਕਲੱਬ ਵਾਲੀ ਥਾਂ ਚਿਲਡਰਨ ਪਾਰਕ ਲਈ ਦਿੱਤੀ ਗਈ ਹੈ। ਐੱਸਡੀਐੱਮ ਨੇ ਦੱਸਿਆ ਕਿ ਸਾਰੀ ਪ੍ਰਸੀਡਿੰਗ ਤਿਆਰ ਕਰ ਕੇ ਕਾਰਵਾਈ ਲਈ ਭੇਜ ਦਿੱਤੀ ਗਈ ਹੈ।

-ਬਾਕਸ-

-ਦਹਾਕਿਆਂ ਤੋਂ ਚੱਲ ਰਿਹੈ ਤਰਨਤਾਰਨ 'ਚ ਕਲੱਬ : ਚੋਪੜਾ

ਦਾ ਤਰਨਤਾਰਨ ਸਰਵਿਸ ਕਲੱਬ ਦੇ ਮੌਜੂਦਾ ਪ੍ਰਧਾਨ ਦਵਿੰਦਰ ਚੋਪੜਾ ਨੇ ਕਿਹਾ ਕਿ ਉਨਾਂ੍ਹ ਨੂੰ ਐੱਸਡੀਐੱਮ ਵੱਲੋਂ ਬੁਲਾਇਆ ਗਿਆ ਸੀ। ਉਨਾਂ੍ਹ ਨੇ ਕਲੱਬ ਦੀ ਰਜਿਸਟੇ੍ਸ਼ਨ ਤੇ ਹੋਰ ਕਾਗਜਾਤ ਦਿਖਾ ਦਿੱਤੇ ਹਨ। ਉਨਾਂ੍ਹ ਨੇ ਕਿਹਾ ਕਿ ਚਿਲਡਰਨ ਪਾਰਕ ਸਹੀ ਜਗ੍ਹਾ 'ਤੇ ਪਹਿਲਾਂ ਹੀ ਚੱਲ ਰਿਹਾ ਹੈ। ਇਥੇ 1940 ਤੋਂ ਕਲੱਬ ਚਲਦਾ ਆ ਰਿਹਾ ਹੈ ਅਤੇ ਇਸ ਸਬੰਧੀ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਹੈ। ਉਨਾਂ੍ਹ ਨੇ ਕਿਹਾ ਕਿ ਕਲੱਬ ਵਿਚ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਜਾਂਦਾ।