ਤੇਜਿੰਦਰ ਸਿੰਘ ਬੱਬੂ, ਝਬਾਲ : ਪਿੰਡ ਝਬਾਲ ਪੁਖਤਾ ਵਿਖੇ 1500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ 'ਚ ਇਕ ਵਿਅਕਤੀ ਦੀ ਮੌਤ ਤੇ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਦੇ 1500 ਰੁਪਏ ਦੇਣੇ ਸਨ ਜੋ ਬੀਤੀ ਰਾਤ ਨੌਂ ਕੁ ਵਜੇ ਦੇ ਕਰੀਬ ਘਰ 'ਚ ਤੇਜ਼ਧਾਰ ਹਥਿਆਰਾਂ ਸਮੇਤ ਦਾਖ਼ਰ ਹੋ ਕੇ ਪੈਸੇ ਮੰਗਣ ਲੱਗੇ। ਉਸ ਦੇ ਪਤੀ ਨੇ ਸਵੇਰ ਨੂੰ ਪੈਸੇ ਦੇਣ ਬਾਰੇ ਕਿਹਾ ਪਰ ਇਸਦੇ ਬਾਵਜੂਦ ਉਨ੍ਹਾਂ ਨੇ ਝਗੜਾ ਸ਼ੁਰੂ ਕਰ ਦਿੱਤਾ ਤੇ ਦਾਤਰ ਨਾਲ ਵਾਰ ਕੀਤੇ। ਇਸ ਦੌਰਾਨ ਉਸ ਦੇ ਪਤੀ ਤਰਸੇਮ ਸਿੰਘ ਤੇ ਜੇਠ ਅਵਤਾਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ। ਦੋਵੇਂ ਬਚਾਅ ਲਈ ਕੋਠੇ 'ਤੇ ਚੜ੍ਹ ਗਏ ਪਰ ਮੁਲਜ਼ਮ ਵੀ ਉਨ੍ਹਾਂ ਦੇ ਪਿੱਛੇ ਉੱਪਰ ਚੜ੍ਹ ਗਏ ਤੇ ਉੱਥੇ ਹੀ ਮਾਰ-ਕੁਟਾਈ ਸ਼ੁਰੂ ਕਰ ਦਿੱਤੀ।

ਗੁਰਮੀਤ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਪਤੀ ਨੂੰ ਚੁੱਕ ਕੇ ਨੇੜਿਓਂ ਲੰਘਦੀ ਬਿਜਲੀ ਦੀ ਤਾਰ ਉੱਤੇ ਸੁੱਟ ਦਿੱਤਾ ਜਿਸ ਨਾਲ ਉਸ ਦੀ ਦੀ ਮੌਤ ਹੋ ਗਈ ਜਦਕਿ ਜੇਠ ਦੇ ਗੰਭੀਰ ਜ਼ਖ਼ਮੀ ਹੋਣ ਕਰਕੇ ਤਰਨਤਾਰਨ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਦੂਸਰੀ ਧਿਰ ਵੱਲੋਂ ਵੀ ਉਨ੍ਹਾਂ ਦੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਜੇ ਤਕ ਉਨ੍ਹਾਂ ਦਾ ਕੋਈ ਵੀ ਵਿਅਕਤੀ ਸਾਹਮਣੇ ਨਹੀਂ ਆਇਆ ਤੇ ਪੁਲਿਸ ਵੱਲੋਂ ਗੁਰਮੀਤ ਕੌਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ

Posted By: Seema Anand