ਬੱਲੂ ਮਹਿਤਾ, ਪੱਟੀ : ਪੱਟੀ ਦੇ ਭੱਲਿਆਂ ਮੁਹੱਲੇ ਵਿਚ 5 ਅਕਤੂਬਰ ਦੀ ਰਾਤ ਨੂੰ ਅਣਪਛਾਤਿਆਂ ਨੇ ਸਾਬਕਾ ਅਧਿਆਪਕ ਸਤੀਸ਼ ਕੁਮਾਰ ਪੁੱਤਰ ਸਤਦੇਵ ਸ਼ਰਮਾ ਦਾ ਕਤਲ ਕਰ ਦਿੱਤਾ ਸੀ। ਜਿਸਦਾ ਪਤਾ 8 ਅਕਤੂਬਰ ਨੂੰ ਸਵੇਰੇ ਉਸ ਵੇਲੇ ਲੱਗਾ ਸੀ, ਜਦੋਂ ਉਸਦੇ ਜਵਾਈ ਪ੍ਰਮੋਦ ਕੁਮਾਰ ਵਾਸੀ ਪੱਟੀ ਉਸ ਨੂੰ ਮਿਲਣ ਲਈ ਆਇਆ ਸੀ। ਇਸ ਅੰਨ੍ਹੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਐਤਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੱਟੀ ਦੇ ਡੀਐੱਸਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਲਈ ਉਨ੍ਹਾਂ ਦੀ ਅਗਵਾਈ ਵਿਚ ਥਾਣਾ ਸਿਟੀ ਦੇ ਮੁਖੀ ਅਜੈ ਕੁਮਾਰ ਖੁੱਲਰ, ਸੁਖਰਾਜ ਸਿੰਘ ਇੰਚਾਰਜ ਸੀਆਈਏ ਸਟਾਫ 'ਤੇ ਅਧਾਰਿਤ ਟੀਮ ਬਣਾਈ ਗਈ । ਜਿਸ ਨੇ ਸ਼ੱਕ ਦੇ ਆਧਾਰ 'ਤੇ ਕਈ ਲੋਕਾਂ ਕੋਲੋਂ ਪੁੱਛਗਿੱਛ ਕੀਤੀ। ਇਸੇ ਤਹਿਤ ਟੀਮ ਨੇ ਸ਼ੱਕ ਦੇ ਆਧਾਰ 'ਤੇ ਰਮਨ ਕੁਮਾਰ ਉਰਫ ਰੋਮੀ ਭੱਲਾ ਪੁੱਤਰ ਰਾਕੇਸ਼ ਭੱਲਾ ਸਾਬਕਾ ਕੌਂਸਲਰ ਵਾਸੀ ਵਾਰਡ ਨੰਬਰ 10 ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸਨੇ ਕਬੂਲ ਕੀਤਾ ਕਿ ਉਸ ਨੇ ਹੀ ਅਧਿਆਪਕ ਦਾ ਕਤਲ ਕੀਤਾ ਹੈ। ਰੋਮੀ ਨੇ ਦੱਸਿਆ ਕਿ ਉਹ 5 ਅਕਤੂਬਰ ਨੂੰ ਰਾਤ ਨੂੰ ਕਰੀਬ 11 ਵਜੇ ਗਲੀ ਵਿਚ ਮੇਜ ਲਗਾ ਕੇ ਚੋਰੀ ਕਰਨ ਦੀ ਨੀਅਤ ਨਾਲ ਘਰ ਵਿਚ ਦਾਖਲ ਹੋਇਆ। ਪਰ ਉਸ ਵੇਲੇ ਅਧਿਆਪਕ ਸਤੀਸ਼ ਕੁਮਾਰ ਜਾਗ ਰਿਹਾ ਸੀ। ਸਤੀਸ਼ ਕੁਮਾਰ ਨੇ ਉਸ ਨਾਲ ਮੁਕਾਬਲਾ ਕੀਤਾ। ਇਸ ਦੌਰਾਨ ਉਹ ਹੱਥ ਵਿਚ ਫੜੇ ਪੇਚਕਸ ਨਾਲ ਉਸਦਾ ਕਤਲ ਕਰਕੇ ਫਰਾਰ ਹੋ ਗਿਆ। ਜਾਂਦੇ ਹੋਏ ਉਸਨੇ ਘਰ ਨੂੰ ਬਾਹਰੋਂ ਤਾਲਾ ਲੱਗਾ ਕੇ ਚਾਬੀਆਂ ਅੰਦਰ ਸੁੱਟ ਦਿੱਤੀਆਂ। ਡੀਐਸਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜਮ ਅਦਾਲਤ ਵਿਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

Posted By: Jagjit Singh