ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਹੋਈ ਬਰਸਾਤ ਦੇ ਦੌਰਾਨ ਪਿੰਡ ਸ਼ੇਖਚੱਕ ’ਚ ਅਸਮਾਨੀ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਦੋ ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ। ਪਸ਼ੂ ਪਾਲਣ ਦੇ ਧੰਦੇ ਨਾਲ ਜੁੜੇ ਉਕਤ ਪਰਿਵਾਰ ਲਈ ਇਹ ਵੱਡਾ ਨੁਕਸਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤਰਨਤਾਰਨ ਵਿਚ ਜਿਵੇਂ ਹੀ ਬੱਦਲਵਾਈ ਅਤੇ ਬਰਸਾਤ ਸ਼ੁਰੂ ਹੋਈ ਤਾਂ ਦੁਪਹਿਰ ਕਰੀਬ ਡੇਢ ਵਜੇ ਜ਼ਿਲ੍ਹੇ ਦੇ ਪਿੰਡ ਸ਼ੇਖਚੱਕ ’ਚ ਅਸਮਾਨੀ ਬਿਜਲੀ ਪੈ ਗਈ। ਜਿਸ ਨਾਲ ਮਨਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਜੋ ਥੋੜੀ ਖੇਤੀ ਹੋਣ ਕਰਕੇ ਪਸ਼ੂ ਪਾਲਣ ਦੇ ਸਹਾਇਕ ਧੰਦੇ ਨਾਲ ਜੁੜਿਆ ਸੀ ਇਕ ਮੱਝ ਅਤੇ ਇਕ ਗਾਂ ਦੀ ਮੌਤ ਹੋ ਗਈ। ਹਾਲਾਂਕਿ ਉਨ੍ਹਾਂ ਕੋਲ ਡੇਢ ਦਰਜਨ ਦੇ ਕਰੀਬ ਪਸ਼ੂ ਹਨ ਪਰ ਬਾਕੀ ਸਾਰੇ ਪਸ਼ੂ ਸੁਰੱਖਿਅਤ ਹਨ। ਮਨਜਿੰਦਰ ਸਿੰਘ ਦੇ ਘਰ ਜੁੜੇ ਮੰਨਾ ਸਿੰਘ, ਰਾਮ ਸਿੰਘ, ਦਰਬਾਰਾ ਸਿੰਘ, ਰਣਜੀਤ ਸਿੰਘ, ਕਾਬਲ ਸਿੰਘ, ਸਾਬ ਸਿੰਘ, ਹਰਜਿੰਦ ਸਿੰਘ, ਬਲਜੀਤ ਸਿੰਘ, ਸ਼ਮਸ਼ੇਰ ਸਿੰਘ, ਰਣਯੋਧ ਸਿੰਘ, ਜੁਗਰਾਜ ਸਿੰਘ ਆਦਿ ਨੇ ਕਿਹਾ ਕਿ ਅਸਮਾਨੀ ਬਿਜਲੀ ਪੈਣ ਨਾਲ ਮਨਜਿੰਦਰ ਸਿੰਘ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਤੋਂ ਇਲਾਵਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਯੋਗ ਮੁਆਵਜਾ ਦਿੱਤਾ ਜਾਵੇ ਤਾਂ ਜੋ ਉਸਦੇ ਨੁਕਸਾਨ ਦੀ ਕੁਝ ਭਰਪਾਈ ਹੋ ਸਕੇ।

Posted By: Tejinder Thind