ਤੇਜਿੰਦਰ ਸਿੰਘ ਬੱਬੂ, ਝਬਾਲ :15 ਅਕਤੂਬਰ ਨੂੰ ਐੱਨਸੀਆਰ (ਦਿੱਲੀ) ਖੇਤਰ ਦੀ ਸਿੰਘੂ ਬਾਰਡਰ ’ਤੇ ਤਰਨਤਾਰਨ ਦੇ ਵਸਨੀਕ ਨੌਜਵਾਨ ਲਖਬੀਰ ਸਿੰਘ ਦੇ ਹੱਤਿਆ ਕੀਤੇ ਜਾਣ ਦੇ ਰੋਸ ਵਜੋਂ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਵਫ਼ਦ ਵੱਲੋਂ ਪ੍ਰਧਾਨ ਪਰਮਜੀਤ ਸਿੰਘ ਕੈਂਥ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।

ਵਫ਼ਦ ਦੀ ਅਗਵਾਈ ਜਥੇਬੰਦੀ ਦੇ ਜਨਰਲ ਸਕੱਤਰ ਐਡਵੋਕੇਟ ਯਾਦਵਿੰਦਰ ਸਿੰਘ ਚੌਹਾਨ, ਐਡਵੋਕੇਟ ਕਮਲਜੀਤ ਸਿੰਘ ਗਿੱਲ ਆਦਿ ਨੇ ਕੀਤੀ। ਵਫ਼ਦ ਨੂੰ ਲਖਬੀਰ ਸਿੰਘ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਕਰੀਬ ਇਕ ਹਫਤਾ ਪਹਿਲਾਂ ਹੀ ਨਾਮਾਲੂਮ ਵਿਅਕਤੀ ਨਾਲ ਗਿਆ ਸੀ। ਉਨ੍ਹਾਂ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਰਹਮੀ ਨਾਲ ਕੀਤੀ ਹੱਤਿਆ ਬਾਰੇ ਪਤਾ ਲੱਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੋ ਦੋਸ਼ ਉਸ ’ਤੇ ਲਾਏ ਗਏ ਹਨ, ਉਨ੍ਹਾਂ ਵਿਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਨਾਲ ਗਰੀਬ ਵਰਗ ਅਤੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਹੋਣ ਕਰਕੇ ਅਜਿਹਾ ਅਣਮਨੁੱਖੀ ਵਿਹਾਰ, ਸ਼ੋਸ਼ਣ, ਡਰ ਭੈਅ ਦਾ ਮਾਹੌਲ ਸਿਰਜਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਸਮਾਜਿਕ ਭੇਦਭਾਵ ਅਤੇ ਅਣਐਲਾਨਿਆ ਬਾਈਕਾਟ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਤੇ ਸਮਾਜਿਕ ਜਥੇਬੰਦੀਆਂ ਅਤੇ ਸ਼ਾਸਨ ਪ੍ਰਸ਼ਾਸਨ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ।

ਵਫਦ ਦੇ ਮੁਖੀ ਐਡਵੋਕੇਟ ਯਾਦਵਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਗੰਭੀਰ ਦਿਲ ਦਹਿਲਾਉਣ ਵਾਲੀ ਘਟਨਾਕ੍ਰਮ ਦਾ ਵੇਰਵਾ ਇਕੱਤਰ ਕਰਕੇ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਮੁਖੀ ਨੂੰ ਰਿਪੋਰਟ ਸੌਂਪੀ ਜਾਵੇਗੀ ਉਸ ਤੋ ਬਾਅਦ ਹੀ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ।

Posted By: Jagjit Singh