ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ :

ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਦਰਿਆ ਬਿਆਸ ਦੇ ਸੁੰਦਰੀਕਰਨ ਸਬੰਧੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿਚ ਐੱਸਡੀਐਮ ਖਡੂਰ ਸਾਹਿਬ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਨਾਲ ਲੱਗਦੇ ਦਰਿਆ ਬਿਆਸ ਦੇ ਸੁੰਦਰੀਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ। ਜਿਸ ਵਿਚ ਅਧਿਕਾਰੀਆਂ ਅਤੇ ਮੋਹਤਬਾਰਾਂ ਨੇ ਆਪੋ ਆਪਣੇ ਵਿਚਾਰ ਪ੍ਰਗਟਾਏ।

ਇਥੇ ਜ਼ਿਕਰਯੋਗ ਹੈ ਕਿ ਕਸਬੇ ਦੇ ਸੀਵਰੇਜ ਦਾ ਗੰਦਾ ਪਾਣੀ ਧੂੰਦਾ ਪਿੰਡ ਨਜ਼ਦੀਕ ਬਣੇ ਵਾਟਰ ਟਰੀਟਮੈਂਟ ਪਲਾਂਟ ਵਿਚ ਜਾਣ ਦੀ ਬਜਾਏ ਪਿਛਲੇ ਲੰਮੇ ਸਮੇਂ ਤੋਂ ਬਿਆਸ ਦਰਿਆ 'ਚ ਪੈਣ ਕਰ ਕੇ ਪਵਿੱਤਰ ਸ੍ਰੀ ਬਾਉਲੀ ਸਾਹਿਬ ਦਾ ਜਲ ਦੂਸ਼ਿਤ ਹੋ ਰਿਹਾ ਹੈ ਤੇ ਲੋਕਾਂ ਵੱਲੋਂ ਸੀਵਰੇਜ ਸਿਸਟਮ ਚਾਲੂ ਕਰਨ ਤੇ ਬਿਆਸ ਦਰਿਆ ਦੇ ਸੁੰਦਰੀਕਰਨ ਦੀ ਮੰਗ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਹੈ।

ਮੀਟਿੰਗ 'ਚ ਮੌਜੂਦ ਨਗਰ ਦੇ ਮੋਹਤਬਾਰ ਵਿਅਕਤੀਆਂ ਨੇ ਦੱਸਿਆ ਕਿ ਉਨਾਂ੍ਹ ਵੱਲੋਂ ਸਮੇਂ ਸਮੇਂ 'ਤੇ ਸਰਕਾਰ ਦੇ ਨੁਮਾਇੰਦਿਆਂ ਸਾਹਮਣੇ ਇਸ ਸਮੱਸਿਆ ਦੇ ਹੱਲ ਲਈ ਬੇਨਤੀ ਕੀਤੀ ਜਾਂਦੀ ਰਹੀ ਹੈ। ਉਨਾਂ੍ਹ ਦੱਸਿਆ ਕਿ ਇਹ ਮਾਮਲਾ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਧਿਆਨ 'ਚ ਵੀ ਲਿਆਂਦਾ ਗਿਆ ਸੀ ਅਤੇ ਉਨਾਂ੍ਹ ਵੱਲੋਂ ਵੀ ਇਸ ਅਹਿਮ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਤਾਂ ਦਿੱਤਾ ਗਿਆ ਸੀ ਪਰ ਅੱਜ ਤਕ ਇਸ ਸਮੱਸਿਆ ਦਾ ਸਾਰਥਕ ਹੱਲ ਨਹੀਂ ਨਿਕਲਿਆ। ਇਸ ਮੌਕੇ ਹਾਜ਼ਰ ਮੋਹਤਬਰਾਂ ਨੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਹੱਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਲਈ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ।

ਇਸ ਦੌਰਾਨ ਵਿਧਾਇਕ ਲਾਲਪੁਰਾ ਨੇ ਕਿਹਾ ਕਿ ਸ੍ਰੀ ਗੋਇੰਦਵਾਲ ਸਾਹਿਬ ਸਿੱਖੀ ਦੇ ਧੁੁੁਰੇ ਵੱਜੋਂ ਸੰਸਾਰ ਭਰ ਚ ਪ੍ਰਸਿੱਧ ਹੈ ਅਤੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸੰਗਤ ਬਾਉਲੀ ਸਾਹਿਬ 'ਚ ਇਸ਼ਨਾਨ ਲਈ ਆਉਂਦੀਆਂ ਹਨ।

ਇਸ ਕਰਕੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਬਿਆਸ ਦਰਿਆ 'ਚ ਸੀਵਰੇਜ ਦਾ ਪੈ ਰਿਹਾ ਗੰਦਾ ਪਾਣੀ ਵੱਡੀ ਸਮੱਸਿਆ ਹੈ। ਉਨਾਂ੍ਹ ਕਿਹਾ ਕਿ ਇਸ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਬਹੁਤ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਸੇਵਕਪਾਲ ਸਿੰਘ ਝੰਡੇਰ ਮਹਾਂਪੁਰਖਾਂ, ਨਿਰਮਲ ਸਿੰਘ ਢੋਟੀ, ਜਗਰੂਪ ਸਿੰਘ ਢੋਟੀ, ਬਾਬਾ ਸੋਨੂੰ, ਸਰਬਜੀਤ ਸਿੰਘ ਮੁੰਡਾ ਪਿੰਡ, ਐੱਸਐੱਚਓ ਸ਼ਿਵਦਰਸ਼ਨ ਸਿੰਘ, ਹਰਭਜਨ ਸਿੰਘ ਰਾਠੋਰ, ਡਾ. ਸੰਤੋਖ ਸਿੰਘ, ਡਾ. ਮੱਸਾ ਸਿੰਘ, ਐੱਸਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਦੇ ਮੋਹਤਬਾਰ ਹਾਜ਼ਰ ਸਨ।