ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ : ਤਰਨਤਾਰਨ-ਸ੍ਰੀ ਗੋਇੰਦਵਾਲ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਭਰੋਵਾਲ ਕੋਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ। ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਉਕਤ ਵਿਕਤੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਜਖ਼ਮ ਦੇ ਗੰਭੀਰ ਹੋਣ ਕਾਰਨ ਉਸ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਬਰਿੰਦਰ ਸਿੰਘ ਨਾਮਕ ਵਿਅਕਤੀ ਹਰ ਰੋਜ਼ ਅੰਮਿ੍ਰਤਸਰ ਤੋਂ ਤੋ ਵੱਖ-ਵੱਖ ਕਸਬਿਆਂ ’ਚ ਦੁਕਾਨਾਂ 'ਤੇ ਸਾਮਾਨ ਸਪਲਾਈ ਕਰਨ ਲਈ ਆਉਦਾ ਹੈ। ਅੱਜ ਜਦੋਂ ਉਹ ਆਪਣਾ ਸਾਮਾਨ ਦੁਕਾਨਾਂ ’ਤੇ ਦੇਣ ਲਈ ਕਸਬਾ ਫਤਿਆਬਾਦ ਆ ਰਿਹਾ ਸੀ, ਤਾਂ ਪਿੰਡ ਭਰੋਵਾਲ ਕੋਲ ਉਹ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ ਤੇ ਉਸਦੇ ਮੱਥੇ ਉੱਪਰ ਡੂੰਘਾ ਜ਼ਖਮ ਹੋ ਗਿਆ। ਰਾਹਗੀਰਾਂ ਉਸ ਨੂੰ ਨੇੜਲੇ ਹਸਪਤਾਲ ਲੈ ਕੇ ਗਏ, ਜਿਥੋਂ ਸੱਟ ਦੇ ਗੰਭੀਰ ਅਤੇ ਡੂੰਘੀ ਹੋਣ ਕਰਕੇ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ।

ਇਥੇ ਦੱਸ ਦਈਏ ਕਿ ਬੇਸ਼ੱਕ ਸਰਕਾਰ ਨੇ ਚਾਈਨਾ ਡੋਰ ਵੇਚਣ ਅਤੇ ਵਰਤਣ ’ਤੇ ਪਾਬੰਦੀ ਲਾਈ ਹੋਈ। ਪਰ ਫਿਰ ਵੀ ਲੋਕ ਇਸ ਨੂੰ ਵੇਚਣ ਤੋਂ ਗੁਰੇਜ਼ ਨਹੀਂ ਕਰਦੇ। ਹਾਲਾਂਕਿ ਪੁਲਿਸ ਵੱਲੋਂ ਚਾਈਨਾ ਡੋਰ ’ਤੇ ਸ਼ਿਕੰਜਾ ਕੱਸਣ ਦੇ ਦਾਅਵੇ ਵੀ ਹਵਾ ਹੁੰਦੇ ਦਿਖਾਈ ਦਿੰਦੇ ਹਨ। ਕਿਉਕਿ ਲੋਹੜੀ ਤੇ ਬਸੰਤ ’ਤੇ ਹੋਈ ਪਤੰਗਬਾਜ਼ੀ ’ਚ ਖੁੱਲ੍ਹ ਕੇ ਚਾਈਨਾ ਡੋਰ ਦੀ ਵਰਤੋਂ ਹੋਈ ਪਰ ਪੁਲਿਸ ਦੇ ਹੱਥ ਖਾਲੀ ਹੀ ਰਹੇ। ਸਥਾਨਕ ਲੋਕਾਂ ਨੇ ਕਿਹਾ ਕਿ ਅਜਿਹੀ ਖਤਰਨਾਕ ਡੋਰ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Posted By: Shubham Kumar