ਪੱਤਰ ਪ੍ਰੇਰਕ, ਤਰਨਤਾਰਨ : ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ਵਿਖੇ ਗਸ਼ਤ ਦੌਰਾਨ ਪੀਸੀਆਰ ਪੁਲਿਸ ਮੁਲਾਜ਼ਮਾਂ ਦੀ ਵਰਦੀ ਨੂੰ ਹੱਥ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਮੁਲਾਜ਼ਮ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਕੋਲੋਂ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਕਰ ਰਹੇ ਸਨ। ਪੁਲਿਸ ਨੇ ਇਸ ਸਬੰਧੀ ਅੱਧਾ ਦਰਜਨ ਤੋਂ ਵੱਧ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਪੁਲਿਸ ਦੇ ਸਿਪਾਹੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਸਿਪਾਹੀ ਗੁਰਭੇਜ ਸਿੰਘ ਸਮੇਤ ਪੀਸੀਆਰ ਨੰਬਰ 5 'ਤੇ ਤਾਇਨਾਤ ਹੈ ਅਤੇ ਉਸ ਦੀ ਡਿਊਟੀ ਮੁਹੱਲਾ ਮੁਰਾਦਪੁਰ ਵਿਖੇ ਲੱਗੀ ਹੋਈ ਹੈ। ਡਿਊਟੀ ਦੌਰਾਨ ਉਸ ਨੇ ਇਕ ਮੋਟਰਸਾਈਕਲ ਨੰਬਰ ਪੀਬੀ46-ਕਿਉ-0792 'ਤੇ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਨਾਂ ਪਤਾ ਪੁੱਛਿਆ ਤਾਂ ਉਹ ਭੜਕ ਗਏ। ਉਕਤ ਲੋਕਾਂ ਨੇ ਫੋਨ ਕਰ ਕੇ ਹੋਰ ਲੋਕਾਂ ਨੂੰ ਵੀ ਮੌਕੇ 'ਤੇ ਬੁਲਾ ਲਿਆ ਜਿਨ੍ਹਾਂ ਵਿਚ ਸ਼ਾਮ ਸਿੰਘ ਪ੍ਰਧਾਨ ਵੀ ਸ਼ਾਮਲ ਸੀ। ਕਾਂਸਟੇਬਲ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਮੋਟਰਸਾਈਕਲ ਚਾਲਕ ਨੇ ਉਸ ਦੀ ਵਰਦੀ ਨੂੰ ਹੱਥ ਪਾ ਲਿਆ ਤੇ ਕਮੀਜ਼ ਦੇ ਬਟਨ ਤੋੜ ਦਿੱਤੇ ਜਦਕਿ ਦੂਸਰੇ ਸਿਪਾਹੀ ਗੁਰਭੇਜ ਸਿੰਘ ਨੂੰ ਸ਼ਾਮ ਸਿੰਘ ਨੇ ਧੱਕਾ ਮਾਰ ਦਿੱਤਾ। ਜਦੋਂ ਉਸ ਨੇ ਇਸ ਘਟਨਾ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਤਾਂ ਸਾਰੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ 'ਤੇ ਪਹੁੰਚੇ ਪੁਲਿਸ ਚੌਕੀ ਟਾਊਨ ਦੇ ਇੰਚਾਰਜ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਵਰਦੀ ਨੂੰ ਨੁਕਸਾਨ ਪਹੁੰਚਾਉਣ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੀਆਂ ਧਾਰਾਵਾਂ ਤਹਿਤ ਕੁਲਦੀਪ ਸਿੰਘ ਅਤੇ ਸ਼ਾਮ ਸਿੰਘ ਪ੍ਰਧਾਨ ਸਮੇਤ ਅੱਧਾ ਦਰਜਨ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

Posted By: Seema Anand