ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਰੇਤ ਦੀ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ’ਤੇ ਸਬੰਧਤ ਵਿਭਾਗ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਜਿਥੇ ਪੁਲਿਸ ਨੇ ਵੱਡੇ ਪੱਧਰ ’ਤੇ ਛਾਪੇਮਾਰੀ ਕਰਕੇ ਰੇਤ ਨਾਲ ਭਰੇ ਵਾਹਨ ਬਰਾਮਦ ਕੀਤੇ ਸਨ। ਉਥੇ ਹੀ ਮਾਈਨਿੰਗ ਵਿਭਾਗ ਨੇ ਵੀ ਕਸਬਾ ਹਰੀਕੇ ਪੱਤਣ ਤੋਂ ਰੇਤ ਨਾਲ ਭਰੀ ਟਰਾਲੀ ਤੇ ਟਰੈਕਟਰ ਬਰਾਮਦ ਕੀਤਾ ਹੈ। ਹਾਲਾਂਕਿ ਟੀਮ ਨੂੰ ਵੇਖ ਟਰੈਕਟਰ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਈਨਿੰਗ ਜ਼ੋਨ-2 ਦੇ ਡੀਐੱਸਪੀ ਸੁਖਵਿੰਦਰ ਸਿੰਘ ਨੇ ਸਟਾਫ ਸਣੇ ਗੁਰਦੁਆਰਾ ਬਾਬਾ ਬਿਧੀ ਚੰਦ ਹਰੀਕੇ ਕੋਲ ਚੈਕਿੰਗ ਲਈ ਨਾਕਾ ਲਗਾਇਆ ਸੀ। ਇਸੇ ਦੌਰਾਨ ਬਿਨਾਂ ਨੰਬਰ ਦੇ ਟਰੈਕਟਰ ਦਾ ਚਾਲਕ ਨਾਕਾ ਵੇਖ ਟਰੈਕਟਰ ਛੱਡ ਕੇ ਫ਼ਰਾਰ ਹੋ ਗਿਆ। ਜਦੋਂ ਟੀਮ ਨੇ ਜਾਂਚ ਕੀਤੀ ਤਾਂ ਉਸ ਨਾਲ ਲੱਗੀ ਟਰਾਲੀ ਰੇਤ ਨਾਲ ਭਰੀ ਮਿਲੀ। ਵਿਭਾਗ ਦੇ ਅਧਿਕਾਰੀ ਰੋਹਿਤ ਪ੍ਰਭਾਕਰ ਵੱਲੋਂ ਦਿੱਤੀ ਗਈ ਸੂਚਨਾ ’ਤੇ ਮੌਕੇ ਉੱਪਰ ਪਹੁੰਚੇ ਥਾਣਾ ਹਰੀਕੇ ਪੱਤਣ ਦੇ ਏਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਵਾਹਨ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਤਲਾਸ਼ ਲਈ ਕਾਰਵਾਈ ਕੀਤੀ ਜਾ ਰਹੀ ਹੈ।

Posted By: Sarabjeet Kaur