ਪ੍ਰਤਾਪ ਸਿੰਘ, ਤਰਨਤਾਰਨ : ਪਿੰਡ ਨੂਰਦੀ ਠਰੂ ਮਾਰਗ ਵਿਖੇ ਕਰਿਆਨੇ ਦੀ ਦੁਕਾਨ ਦੀ ਕੰਧ ਪਾੜ ਕੇ ਅਣਪਛਾਤੇ ਵਿਅਕਤੀ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਵਿਖੇ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਵਿਕਰਮਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਨੂਰਦੀ ਨੇ ਦੱਸਿਆ ਕਿ ਉਸਦੀ ਠਰੂ ਮਾਰਗ 'ਤੇ ਕਰਿਆਨੇ ਦੀ ਦੁਕਾਨ ਹੈ। ਰਾਤ ਦੇ ਸਮੇਂ ਅਣਪਛਾਤੇ ਵਿਅਕਤੀ ਦੁਕਾਨ ਦੀ ਕੰਧ ਪਾੜ ਕੇ ਸਮਾਨ ਚੋਰੀ ਕਰਕੇ ਲੈ ਗਏ। ਚੋਰੀ ਦੀ ਸੂਚਨਾ ਮਿਲਣ 'ਤੇ ਜਦੋਂ ਉੁਹ ਦੁਕਾਨ 'ਤੇ ਪਹੁੰਚੇ ਤਾਂ ਵੇਖਿਆ ਤਾਂ ਘਿਉ ਗਗਨ ਐੱਲਐੱਲ 4 ਪੇਟੀਆਂ, ਦੇਸੀ ਘਿਓ 2 ਟੀਨ, ਤੇਲ ਦੀਆਂ 4 ਪੇਟੀਆਂ, ਚਾਹ ਪੱਤੀ ਦੇ 2 ਬੈਗ, ਨਹਾਉਣ ਵਾਲਾ ਸਾਬਣ 3 ਪੇਟੀਆਂ, ਵੇਸਨ 2 ਤੋੜੇ, ਦਾਲ ਦੇ 5 ਤੋੜੇ, ਕਾਜੂ 2 ਕਿੱਲੋ, ਬਦਾਮ 2 ਕਿੱਲੋ, ਸੌਗੀ 3 ਕਿੱਲੋ, ਰੀਫੈਂਡ 2 ਟੀਨ, ਦੇਸੀ ਘਿਓ 10 ਕਿੱਲੋ, ਪੇਸਟ 10 ਪੀਸ ਵੱਡੀਆਂ, 20 ਪੀਸ ਛੋਟੀਆਂ, ਭੁਜੀਆ 15 ਕਿੱਲੋ ਅਤੇ ਗੱਲੇ ਵਿਚੋਂ 5 ਹਜਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਿਸ ਨੂੰ ਕਰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਚੋਰਾਂ ਦੀ ਤਲਾਸ਼ ਵਿਚ ਲੱਗੀ ਹੋਈ ਹੈ। ਜਲਦ ਹੀ ਉਨ੍ਹਾਂ ਦੀ ਪਛਾਣ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।

Posted By: Susheel Khanna