ਜਸਪਾਲ ਸਿੰਘ ਜੱਸੀ, ਤਰਨਤਾਰਨ

ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਰੀਤ ਸਿੰਘ ਗਿੱਲ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਤੇ ਮੰਗਾਂ ਸਬੰਧੀ ਪੱਤਰ ਸੌਂਪਿਆ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਅਤੇ ਬਲਾਇੰਡ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਸਰਕਾਰ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਜਥੇਬੰਦੀਆਂ ਦੀਆਂ ਮੰਗਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਮਣੇ ਰੱਖੀਆਂ ਜਾਣਗੇ ਅਤੇ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਸੈਣੀ ਨੇ ਡਾ. ਬਲਜੀਤ ਕੌਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਕਿਹਾ। ਜਿਸ 'ਤੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੀ ਮੀਟਿੰਗ ਜਲਦੀ ਮੁੱਖ ਮੰਤਰੀ ਪੰਜਾਬ ਨਾਲ ਕਰਵਾਉਣ ਦਾ ਵਾਅਦਾ ਕੀਤਾ। ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਵੱਲੋਂ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਦੋ ਤਿੰਨ ਮਹੀਨੇ ਕੋਈ ਵੀ ਸੂਬਾ ਪੱਧਰੀ ਮੁਜ਼ਾਹਰਾ ਸਰਕਾਰ ਵਿਰੁੱਧ ਨਹੀਂ ਕਰਨਗੇ। ਉਨਾਂ੍ਹ ਕਿਹਾ ਕਿ ਜੇਕਰ ਸਰਕਾਰ ਨੇ ਉਨਾਂ੍ਹ ਦੀਆਂ ਮੰਗਾਂ ਨਾ ਮੰਨੀਆਂ ਜਾਂ ਪ੍ਰਸ਼ਾਸਨ ਵੱਲੋਂ ਦਿਵਿਆਂਗ ਵਰਗ ਨਾਲ ਧੱਕੇਸ਼ਾਹੀ ਕੀਤੀ ਗਈ ਤਾਂ ਐਕਸ਼ਨ ਕਮੇਟੀ ਵੱਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਡਾਇਰੈਕਟਰ ਮਾਧਵੀ ਕਟਾਰੀਆ, ਡਿਪਟੀ ਡਾਇਰੈਕਟਰ ਸੰਤੋਸ਼ ਵਿਰਦੀ ਤੋਂ ਇਲਾਵਾ ਮਾਸਟਰ ਸਲਵਿੰਦਰ ਸਿੰਘ ਮੁਕਤਸਰ, ਸਟੇਟ ਕਮੇਟੀ ਮੈਂਬਰ ਲਖਬੀਰ ਚੱਕ ਸਿਕੰਦਰ ਆਦਿ ਕੋਰ ਕਮੇਟੀ ਮੈਂਬਰ ਵੀ ਹਾਜ਼ਰ ਸਨ।

ਕੈਪਸ਼ਨ-13- ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਮੰਗ ਪੱਤਰ ਸੌਂਪਦੇ ਹੋਏ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਆਗੂ।