ਲਵਦੀਪ ਦੇਵਗਨ, ਸਰਹਾਲੀ ਕਲਾਂ : ਕਸਬਾ ਸਰਹਾਲੀ ਦੇ ਆਸ-ਪਾਸ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜੀ ਘਟਨਾ ਸਰਹਾਲੀ-ਚੋਹਲਾ ਸਾਹਿਬ ਮਾਰਗ ’ਤੇ ਵਾਪਰੀ ਹੈ। ਜਿਥੇ ਇਕ ਵਿਅਕਤੀ ਦੇ ਕੁੜਤੇ ਦੀ ਜੇਬ ਵਿਚੋਂ ਨਕਾਬਪੋਸ਼ ਮੋਟਰਸਾਈਕਲ ਸਵਾਰ ਨੇ 81 ਹਜ਼ਾਰ ਰੁਪਏ ਝਪੱਟ ਮਾਰ ਕੇ ਖੋਹ ਲਏ ਅਤੇ ਫਰਾਰ ਹੋ ਗਿਆ। ਥਾਣਾ ਸਰਹਾਲੀ ਦੀ ਪੁਲਿਸ ਨੇ ਅਣਪਛਾਤੇ ਲੁਟੇਰੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਸੰਜੀਵ ਕੁਮਾਰ ਪੁੱਤਰ ਚਮਨ ਲਾਲ ਵਾਸੀ ਚੋਹਲਾ ਸਾਹਿਬ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਰਹਾਲੀ ਤੋਂ ਚੋਹਲਾ ਸਾਹਿਬ ਜਾ ਰਿਹਾ ਸੀ। ਜਦੋਂ ਉਹ ਪਿੰਡ ਬਿੱਲਿਆਂ ਵਾਲਾ ਕੋਲ ਪੁੱਜਾ ਤਾਂ ਮੋਟਰਸਾਈਕਲ ’ਤੇ ਸਵਾਰ ਇਕ ਨਕਾਬਪੋਸ਼ ਵਿਅਕਤੀ ਨੇ ਉਸਦੀ ਕੁੜੇ ਦੀ ਜੇਬ ਵਿਚ ਰੱਖੇ 81 ਹਜ਼ਾਰ ਰੁਪਏ ਝਪਟ ਲਏ ਅਤੇ ਫਰਾਰ ਹੋ ਗਿਆ।

ਜਾਂਚ ਅਧਿਕਾਰੀ ਏਐੱਸਆਈ ਸਰਵਣ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਥੇ ਦੱਸਣਾ ਬਣਦਾ ਹੈ ਕਿ ਕੌਮੀ ਸ਼ਾਹ ਮਾਰਗ ’ਤੇ ਵੱਸੇ ਇਸ ਕਸਬੇ ਵਿਚ ਵਧੀਆਂ ਅਪਰਾਧਿਕ ਘਟਨਾਵਾਂ ਦੇ ਚੱਲਦਿਆਂ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕੌਮੀ ਸ਼ਾਹ ਮਾਰਗ ’ਤੇ ਅਕਸਰ ਕਾਰਾਂ ਖੋਹਣ ਦੀਆਂ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਹਨ।

Posted By: Sunil Thapa