ਜਸਪਾਲ ਸਿੰਘ ਜੱਸੀ, ਤਰਨਤਾਰਨ : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 416ਵਾਂ ਸ਼ਹੀਦੀ ਪੁਰਬ ਸ਼ੁੱਕਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਗੁਰਮਤਿ ਸਮਾਗਮ ਦੀਵਾਨ ਹਾਲ ਵਿਖੇ ਸਜਾਇਆ ਗਿਆ। ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਨੇ ਹਾਜਰੀ ਭਰੀ ਅਤੇ ਸੰਗਤ ਨੂੰ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਵਾ ਕੇ ਨਿਹਾਲ ਕੀਤਾ।

ਇਸ ਪਵਿੱਤਰ ਦਿਹਾੜੇ 'ਤੇ ਗੁਰੂ ਘਰ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿਚ ਸੰਗਤ ਪੁੱਜੀ ਅਤੇ ਸ੍ਰੀ ਦਰਬਾਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਅੱਗੇ ਸੀਸ ਨਿਵਾਇਆ। ਸਾਰਾ ਦਿਨ ਹਜੂਰੀ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਸ਼ਹਿਰ ਚ ਅਨੇਕਾਂ ਥਾਵਾਂ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਭਾਰੀ ਗਰਮੀ ਦੇ ਬਾਵਜੂਦ ਸੰਗਤ ਨੇ ਸ਼ਰਧਾ ਨਾਲ ਗੁਰਮਿਤ ਸਮਾਗਮ ਵਿਚ ਹਾਜਰੀ ਭਰੀ।

ਮੈਨੇਜਰ ਸ੍ਰੀ ਦਰਬਾਰ ਸਾਹਿਬ ਧਰਵਿੰਦਰ ਸਿੰਘ ਮਾਨੋਚਾਹਲ ਨੇ ਕਿਹਾ ਕਿ ਸੰਗਤ ਦੀ ਆਮਦ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦੀ ਪੁਰਬ ਦੇ ਸਬੰਧ ਵਿਚ 1 ਜੂਨ ਤੋਂ ਗੁਰਮਤਿ ਸਮਾਗਮ ਆਰੰਭ ਹੋਏ ਹਨ ਅਤੇ ਤਿੰਨੇ ਦਿਨ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।

Posted By: Ramanjit Kaur