ਪੱਤਰ ਪੇ੍ਰਰਕ, ਤਰਨਤਾਰਨ : ਸਰਹੱਦੀ ਪਿੰਡ ਖਾਲੜਾ ਵਿਖੇ ਵਿਆਹੁਤਾ ਵੱਲੋਂ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਸਥਾਨਕ ਪੁਲਿਸ ਨੇ ਮਿ੍ਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਖਾਲੜਾ ਵਾਸੀ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਨਜਾਇਜ ਸਬੰਧਾਂ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।

ਸੁਖਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਜਵੰਦਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਲੜਕੀ ਪਲਵਿੰਦਰ ਕੌਰ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਹਰਜੀਤ ਸਿੰਘ ਵਾਸੀ ਖਾਲੜਾ ਨਾਲ ਹੋਇਆ ਸੀ। ਉਸ ਦਾ ਜਵਾਈ ਕੈਂਟਰ ਚਲਾਉਂਦਾ ਹੈ ਜੋ ਕਿਰਾਏ 'ਤੇ ਲੱਕੜ ਆਦਿ ਬਾਹਰ ਲੈ ਕੇ ਜਾਂਦਾ ਸੀ। ਪਿੰਡ ਖਾਲੜਾ ਦਾ ਹੀ ਗਗਨਦੀਪ ਸਿੰਘ ਪੁੱਤਰ ਗੁਰਵੰਤ ਸਿੰਘ ਉਸਦੇ ਜਵਾਈ ਨਾਲ ਘਰ ਆਉਣ ਜਾਣ ਲੱਗ ਪਿਆ। ਜਿਸ ਦੇ ਪਲਵਿੰਦਰ ਕੌਰ ਨਾਲ ਸਬੰਧ ਬਣ ਗਏ। ਇਸ ਦਾ ਪਤਾ ਜਦੋਂ ਉਸ ਦੇ ਜਵਾਈ ਨੂੰ ਲੱਗਾ ਤਾਂ ਉਸ ਨੇ ਆਪਣੀ ਪਤਨੀ ਨੂੰ ਬਹੁਤ ਸਮਝਾਇਆ। ਜਦਕਿ ਗਗਨਦੀਪ ਸਿੰਘ ਨੂੰ ਵੀ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਸਮਝਾਇਆ ਗਿਆ, ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਗਗਨਦੀਪ ਉਸ ਦੀ ਲੜਕੀ ਨੂੰ ਕਥਿਤ ਤੌਰ 'ਤੇ ਤੰਗ ਪਰੇਸ਼ਾਨ ਕਰਨ ਲੱਗ ਪਿਆ ਕਿ ਉਹ ਉਸ ਨਾਲ ਵਿਆਹ ਕਰਵਾ ਲਏ। ਇਸੇ ਪਰੇਸ਼ਾਨੀ ਕਾਰਨ ਬਲਵਿੰਦਰ ਕੌਰ ਨੇ 5 ਅਗਸਤ ਨੂੰ ਪੱਖੇ ਨਾਲ ਚੁੰਨੀ ਪਾ ਕੇ ਫਾਹਾ ਲੈ ਲਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਗਗਨਦੀਪ ਸਿੰਘ ਵਿਰੁੱਧ ਕੇਸ ਦਰਜ ਕਰਕੇ ਉਸ ਦੀ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।