ਗੁਰਬਰਿੰਦਰ ਸਿੰਘ, ਫਤਿਆਬਾਦ : ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੇਕੇ ਘਰ ਆਈ ਵਿਅਹੁਤਾ ਦੀ ਭੇਦ ਭਰੇ ਹਾਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਲੜਕੀ ਦੇ ਅੰਤਿਮ ਸਸਕਾਰ ਸਮੇਂ ਪੇਕੇ ਅਤੇ ਸਹੁਰੇ ਪਰਿਵਾਰ ਵਿਚ ਤਕਰਾਰ ਦੀ ਸਥਿਤੀ ਬਣਨ ਤੋਂ ਬਾਅਦ ਸਥਾਨਕ ਪੁਲਿਸ ਨੇ ਅੱਧ ਸੜੀ ਲਾਸ਼ ਕਬਜ਼ੇ ਵਿਚ ਲੈ ਲਈ।

ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੀ ਕੁਲਬੀਰ ਕੌਰ ਦਾ ਵਿਆਹ ਤਕਰੀਬਨ ਛੇ ਮਹੀਨੇ ਪਹਿਲਾਂ ਅੰਮਿ੍ਤਸਰ ਦੇ ਪਿੰਡ ਸੁਲਤਾਨਵਿੰਡ ਨਿਵਾਸੀ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਕੁਲਬੀਰ ਕੌਰ ਦੀ ਲੰਘੀ ਰਾਤ ਆਪਣੇ ਪੇਕੇ ਘਰ ਭੇਦ ਭਰੇ ਹਲਾਤਾਂ ਵਿਚ ਮੌਤ ਹੋ ਗਈ। ਜਦੋਂ ਉਸਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਪੇਕੇ ਅਤੇ ਸਹੁਰੇ ਪਰਿਵਾਰ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਮਾਮਲਾ ਪੁਲਿਸ ਤਕ ਪਹੁੰਚ ਗਿਆ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਅੱਧ ਸੜੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਮਾਰਟਮ ਲਈ ਭੇਜ ਦਿੱਤਾ ਹੈ।

ਇਸ ਮੌਕੇ ’ਤੇ ਜਾਣਕਾਰੀ ਦਿੰਦਿਆਂ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਕੁਲਬੀਰ ਕੌਰ ਉਨ੍ਹਾਂ ਦੇ ਕੋਲ ਆਈ ਹੋਈ ਸੀ। ਬੀਤੀ ਰਾਤ ਉਸਦੇ ਪਤੀ ਦਾ ਫੋਨ ਵੀ ਆਇਆ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਸਦੀ ਆਪਣੇ ਪਤੀ ਨਾਲ ਕੀ ਗੱਲ ਹੋਈ ਹੈ। ਜਦੋਂ ਸਵੇਰੇ ਕੁਲਬੀਰ ਕੌਰ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਸਦੀ ਮੌਤ ਹੋ ਚੁੱਕੀ ਸੀ। ਕੁਲਬੀਰ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਉੱਪਰ ਸ਼ੰਕੇ ਖੜ੍ਹੇ ਕੀਤੇ ਹਨ। ਜਦੋਂਕਿ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਇੰਪੈਕਟਰ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Posted By: Jatinder Singh