ਪੱਤਰ ਪ੍ਰੇਰਕ, ਕੈਰੋਂ : ਪੁਲਿਸ ਚੌਂਕੀ ਕੈਰੋਂ ਅਧੀਨ ਪੈਂਦੇ ਪਿੰਡ ਲੌਹਕਾ ਵਿਖੇ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦੋਂ ਇਕ ਜਗ੍ਹਾ ਨੂੰ ਲੈ ਕੇ ਪਿੰਡ ਦਾ ਮੌਜੂਦਾ ਸਰਪੰਚ ਅਤੇ ਲੋਕ ਆਹਮੋ ਸਾਹਮਣੇ ਹੋ ਗਏ। ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਪੱਟੀ ਤਰਨਤਾਰਨ ਰੋਡ ਜਾਮ ਕਰ ਦਿੱਤਾ।

ਜਾਣਕਾਰੀ ਮੁਤਾਬਕ ਪਿੰਡ ਵਾਸੀ ਜਗੀਰ ਸਿੰਘ ਅਤੇ ਦਲਬੀਰ ਸਿੰਘ ਪੁੱਤਰ ਬੂੜ ਸਿੰਘ ਜੋ ਕਿ ਅੱਜਕੱਲ ਚੰਡੀਗੜ੍ਹ ਵਿਖੇ ਰਹਿ ਰਹੇ ਹਨ। ਉਨ੍ਹਾਂ ਪਿੰਡ ਵਿਚਲੀ ਜਗ੍ਹਾ ਆਪਣੀ ਮਰਜੀ ਨਾਲ ਗੁਰਦੁਆਰਾ ਬਾਬਾ ਕੰਮਾ ਦਾਸ ਜੀ ਦੇ ਮੁੱਖ ਸੇਵਾਦਾਰ ਨੂੰ ਲਿਖ ਕੇ ਦੇ ਦਿੱਤੀ ਹੈ। ਪਰ ਉਨ੍ਹਾਂ ਨੇ ਅਜੇ ਤਕ ਜਗ੍ਹਾ ’ਤੇ ਕਬਜਾ ਨਹੀਂ ਸੀ ਕੀਤਾ। ਸੋਮਵਾਰ ਨੂੰ ਉਸ ਵੇਲੇ ਮਾਮਲਾ ਗਰਮਾ ਗਿਆ ਜਦੋਂ ਪਿੰਡ ਦੇ ਸਰਪੰਚ ਵੱਲੋਂ ਉਕਤ ਜਗ੍ਹਾ ਤੇ ਮਿਸਤਰੀ ਲਗਾ ਕੇ ਵਲਨਾ ਸ਼ੁਰੂ ਕਰ ਦਿੱਤਾ। ਜਿਸ ਨੂੰ ਪਿੰਡ ਵਾਸੀਆਂ ਨੇ ਰੋਕਣਾ ਚਾਹਿਆ। ਪਰ ਗੱਲ ਨਾ ਬਣਦੀ ਦੇਖ ਪਿੰਡ ਵਾਸੀਆਂ ਨੇ ਰੋਸ ਵਜੋਂ ਪੱਟੀ ਤਰਨਤਾਰਨ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਤੇ ਹਲਕੇ ਦੇ ਵਿਧਾਇਕ ਅਤੇ ਪਿੰਡ ਦੇ ਸਰਪੰਚ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗੀਰ ਸਿੰਘ ਲੌਹਕਾ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਜਗੀਰ ਸਿੰਘ ਅਤੇ ਦਲਬੀਰ ਸਿੰਘ ਦੋਵਾਂ ਭਰਾਵਾਂ ਨੇ ਆਪਣੀ 8 ਮਰਲੇ ਜਗ੍ਹਾ ਆਪਣੀ ਮਰਜੀ ਨਾਲ ਗੁਰਦੁਆਰਾ ਸਾਹਿਬ ਨੂੰ ਲਿਖ ਕੇ ਦੇ ਦਿੱਤੀ ਹੈ। ਕਾਮਰੇਡ ਜਗੀਰ ਸਿੰਘ ਨੇ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਵੱਲੋਂ ਸਿਆਸੀ ਸ਼ਹਿ ’ਤੇ ਕਬਜੇ ਦੀ ਨੀਅਤ ਨਾਲ ਉਕਤ ਜਗ੍ਹਾ ਨੂੰ ਵਲਿਆ ਜਾ ਰਿਹਾ ਹੈ। ਜਿਸ ਨੂੰ ਪਿੰਡ ਵਾਸੀਆਂ ਨਾਲ ਮਿਲ ਕੇ ਰੋਕਣਾ ਚਾਹਿਆ। ਪਰ ਉਸ ਨੇ ਜਗ੍ਹਾ ਨੂੰ ਵਲਣਾਂ ਜਾਰੀ ਰੱਖਿਆ। ਜਿਸਦੇ ਵਿਰੋਧ ਵਿਚ ਸਮੂਹ ਪਿੰਡ ਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਪ੍ਰਸ਼ਾਸਨ ਆ ਕੇ ਜਗ੍ਹਾ ’ਤੇ ਕਬਜਾ ਕਰਨ ਤੋਂ ਸਰਪੰਚ ਨੂੰ ਨਹੀਂ ਰੋਕਦਾ ਉਦੋਂ ਤਕ ਧਰਨਾ ਜਾਰੀ ਰਹੇਗਾ । ਇਸ ਮੌਕੇ ਨਿਰਪਾਲ ਸਿੰਘ ਜੌਣੇਕੇ, ਅਮਰਜੀਤ ਸਿੰਘ, ਕਾਬਲ ਸਿੰਘ ਸਾਬਕਾ ਸਰਪੰਚ, ਹੀਰਾ ਸਿੰਘ, ਜਸਵੰਤ ਸਿੰਘ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜਰ ਸਨ।

ਪੰਚਾਇਤੀ ਜਗ੍ਹਾ ਨੂੰ ਵਲਿਆ ਜਾ ਰਿਹਾ ਹੈ : ਸਰਪੰਚ ਲਖਵਿੰਦਰ ਸਿੰਘ

ਇਸ ਸਬੰਧੀ ਲੌਹਕਾ ਖੁਰਦ ਦੇ ਸਰਪੰਚ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪੰਚਾਇਤੀ ਜਗ੍ਹਾ ਨੂੰ ਵਲ ਰਹੇ ਹਨ ਅਤੇ ਜਿਹੜੀ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਉਕਤ ਵਿਅਕਤੀਆਂ ਨੇ ਲਿਖ ਕੇ ਦਿੱਤੀ ਹੈ ਉਹ ਪੰਚਾਇਤੀ ਜਗ੍ਹਾ ਦੇ ਨਾਲ ਵਾਲੀ ਜਗ੍ਹਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਪਿੰਡੋਂ ਬਾਹਰ ਰਹਿ ਕੇ ਪਿੰਡ ਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Posted By: Tejinder Thind