ਜਸਪਾਲ ਸਿੰਘ ਜੱਸੀ, ਤਰਨਤਾਰਨ : ਜ਼ਿਲ੍ਹੇ ਵਿਚ ਮਾਲ ਵਿਭਾਗ ਦੇ ਕੰਮਾਂ ਦਾ ਰਿਵੀਊ ਕਰਨ ਲਈ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼ਹਿਰੀ ਸਕੱਤਰ ਸਿੰਘ ਬੱਲ, ਐੱਸਡੀਐੱਮ ਤਰਨਤਾਰਨ ਰਜਨੀਸ਼ ਅਰੋੜਾ, ਐੱਸਡੀਐੱਮ ਪੱਟੀ ਅਲਕਾ ਕਾਲੀਆ, ਡੀਆਰਓ ਗੁਰਦੇਵ ਸਿੰਘ ਧੱਮ, ਤਹਿਸੀਲਦਾਰ ਦੀਪਕ ਕੁਮਾਰ ਤੋਂ ਇਲਾਵਾ ਮਾਲ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਮੀਟਿੰਗ 'ਚ ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਵੱਖ ਵੱਖ ਕੰਮਾਂ ਜਿਵੇਂ ਕਿ ਤਕਸੀਮ ਦੇ ਖਾਨਗੀ ਵੰਡ ਦੇ ਕੇਸਾਂ, ਝਗੜੇ ਤੋਂ ਰਹਿਤ ਅਤੇ ਝਗੜੇ ਵਾਲੇ ਇੰਤਕਾਲਾਂ, ਜਮ੍ਹਾਂਬੰਦੀ ਤੇ ਵਸੀਕਾ ਦੇ ਨਿਪਟਾਰੇ ਅਦਾਲਤੀ ਕੇਸਾਂ, ਜ਼ਮੀਨ ਦੇ ਸਬੰਧੀ ਗੋਦਾਵਰੀ, ਫੁਟਕਲ ਬਕਾਇਆ ਦੀ ਵਸੂਲੀਆਂ, ਮੁਟੇਸ਼ਨਾਂ, ਪੰਚਾਇਤੀ ਜ਼ਮੀਨਾਂ, ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਆਦਿ ਸਬੰਧੀ ਕੰਮਾਂ ਦਾ ਰਿਵੀਊ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ।

ਉਨਾਂ੍ਹ ਕਿਹਾ ਕਿ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਕਿਸੇ ਵੀ ਤਰਾਂ ਦੇ ਕੰਮ ਲਈ ਪਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ੍ਹ ਅਧਿਕਾਰੀਆਂ ਨੂੰ ਬਕਾਇਆ ਜਮ੍ਹਾਂਬੰਦੀਆਂ ਦਾਖਲ ਕਰਨ, ਬਕਾਇਆ ਕੋਰਟ ਕੇਸਾਂ ਦੀ ਰਿਪੋਰਟ ਤਿਆਰ ਕਰਕੇ ਇਨਾਂ੍ਹ ਦੇ ਨਿਪਟਾਰੇ ਲਈ ਆਪਸੀ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਇਸੇ ਤਰਾਂ ਉਨਾਂ੍ਹ ਤਹਿਸੀਲ ਵਾਰ ਵਸੂਲੀ ਦੇ ਕੰਮ ਦਾ ਜਾਇਜ਼ਾ ਵੀ ਲਿਆ।