ਰਾਜਨ ਚੋਪੜਾ, ਭਿੱਖੀਵਿੰਡ

ਪੇ੍ਮ ਵਿਆਹ ਕਰਵਾ ਕੇ 17 ਦਿਨ ਪਹਿਲਾਂ ਸਹੁਰੇ ਘਰ ਗਈ ਭਿੱਖੀਵਿੰਡ ਪਿੰਡ ਦੀ 15 ਸਾਲਾ ਲੜਕੀ ਨੂੰ ਉਸਦੇ ਪਤੀ ਵੱਲੋਂ ਕਥਿਤ ਤੌਰ 'ਤੇ ਲੰਘੀ ਰਾਤ ਫਾਹਾ ਦੇ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮਿ੍ਤਕਾ ਸਿਮਰਨਜੀਤ ਕੌਰ ਦੇ ਪਿਤਾ ਗੁਰਲਾਲ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਭਿੱਖੀਵਿੰਡ ਪਿੰਡ ਨੇ ਦੱਸਿਆ ਕਿ ਉਹ ਕਲਸੀ ਸੀਮਿੰਟ ਸਟੋਰ 'ਤੇ ਕੰਮ ਕਰਦਾ ਹੈ। ਉਸਦੀਆਂ ਦੋ ਧੀਆਂ ਤੇ ਇਕ ਪੁੱਤਰ ਹੈ, ਜਿਨ੍ਹਾਂ 'ਚੋਂ 15 ਸਾਲਾ ਸਿਮਰਨਜੀਤ ਕੌਰ ਨੇ ਆਪਣੀ ਮਰਜ਼ੀ ਨਾਲ ਪਿੰਡ ਦੇ ਹੀ ਨੌਜਵਾਨ ਪਵਨਦੀਪ ਸਿੰਘ ਨਾਲ ਪੇ੍ਮ ਵਿਆਹ ਕਰਵਾ ਲਿਆ ਤੇ ਉਸਦਾ 21 ਜਨਵਰੀ ਨੂੰ ਗੁਰਦੁਆਰਾ ਬਾਬਾ ਜੀਵਨ ਸਿੰਘ ਭਿੱਖੀਵਿੰਡ ਵਿਖੇ ਪੂਰੇ ਸਿੱਖ ਰੀਤੀ ਰਿਵਾਜਾਂ ਅਨੁਸਾਰ ਵਿਆਹ ਕੀਤਾ ਗਿਆ ਸੀ।

ਉਸ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 11:46 ਵਜੇ ਉਸਦੇ ਫ਼ੋਨ 'ਤੇ ਪਿੰਡ ਭਿੱਖੀਵਿੰਡ ਦੇ ਸਰਪੰਚ ਮਨਦੀਪ ਸਿੰਘ ਦਾ ਫੋਨ ਆਇਆ ਕਿ ਉਸਦੀ ਧੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਜਦੋਂ ਉਹ ਧੀ ਦੇ ਸਹੁਰੇ ਘਰ ਪੁੱਜੇ ਤਾਂ ਉਨਾਂ੍ਹ ਦੇਖਿਆ ਕਿ ਧੀ ਦੀ ਗਰਦਨ 'ਤੇ ਨਿਸ਼ਾਨ ਸਨ। ਉਨਾਂ੍ਹ ਨੂੰ ਸ਼ੱਕ ਹੈ ਕਿ ਉਸਦੀ ਧੀ ਦਾ ਕਤਲ ਕੀਤਾ ਗਿਆ ਹੈ। ਗੁਰਲਾਲ ਸਿੰਘ ਨੇ ਦੱਸਿਆ ਕਿ ਉਨਾਂ੍ਹ ਨੇ ਇਸ ਦੀ ਜਾਣਕਾਰੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਦੇ ਦਿੱਤੀ ਹੈ।

ਸੂਚਨਾ ਮਿਲਣ ਉਪਰੰਤ ਮੌਕੇ 'ਤੇ ਪਹੁੰਚੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਜਿਥੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਉਥੇ ਹੀ ਥਾਣਾ ਭਿੱਖੀਵਿੰਡ ਦੇ ਮੁੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਮੁੰਡੇ ਤੇ ਕੁੜੀ ਦਾ ਆਪਸ 'ਚ ਝਗੜਾ ਹੋਇਆ ਸੀ। ਜਿਸ 'ਤੇ ਲੜਕੇ ਨੇ ਤੈਸ਼ ਵਿਚ ਆਕੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਨਾਂ੍ਹ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨ ਕਲਮਬੰਦ ਕਰ ਕੇ ਕਾਰਵਾਈ ਕਰ ਦਿੱਤੀ ਗਈ ਹੈ।