ਰਾਕੇਸ਼ ਨਈਅਰ, ਚੋਹਲਾ ਸਾਹਿਬ: ਜ਼ਿਲ੍ਹਾ ਤਰਨਤਾਰਨ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਅਜੇ ਤਿੰਨ ਦਿਨ ਪਹਿਲਾਂ ਹੀ ਪੱਟੀ ਦੇ ਨਜ਼ਦੀਕ ਪੁਲਿਸ ਅਤੇ ਲੁਟੇਰਿਆਂ ਦੀ ਹੋਈ ਮੁੱਠਭੇੜ ਵਿੱਚ ਚਾਰ ਲੁਟੇਰਿਆਂ ਨੂੰ ਹਥਿਆਰਾਂ ਅਤੇ ਖੋਹੀ ਹੋਈ ਨਗਦੀ ਸਮੇਤ ਕਾਬੂ ਕੀਤਾ ਗਿਆ ਸੀ ਪਰ ਲੁਟੇਰਿਆਂ ਦੇ ਹੌਸਲੇ ਪੂਰੇ ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਭੈਅ ਨਹੀਂ ਰਿਹਾ।

ਲੁਟੇਰਿਆਂ ਵਲੋਂ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇਣ ਕਾਰਨ ਆਮ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ।ਤਾਜ਼ੀ ਵਾਰਦਾਤ ਪੁਲਿਸ ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਸਰਹਾਲੀ ਖੁਰਦ ਦੀ ਹੈ।ਜਿਥੇ ਦੋ ਮੋਟਰਸਾਇਕਲ ਸਵਾਰ ਪੰਜ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਇੱਕ ਵਿਅਕਤੀ ਪਾਸੋਂ 50 ਹਜਾਰ ਰੁਪਏ ਲੁੱਟ ਕੀਤੀ ਗਈ। ਲੁੱਟ ਦਾ ਸ਼ਿਕਾਰ ਹੋਏ ਧਰਮਿੰਦਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਨੌਰੰਗਾਬਾਦ ਥਾਣਾ ਸਦਰ ਤਰਨਤਾਰਨ ਨੇ ਪੁਲਿਸ ਨੂੰ ਦਿੱਤੀ ਇਤਲਾਹ ਵਿੱਚ ਦੱਸਿਆ ਕਿ ਉਹ ਸਟੇਟ ਬੈਂਕ ਤਰਨਤਾਰਨ ਦੇ ਏਟੀਐਮ ਵਿੱਚੋਂ 50 ਹਜਾਰ ਰੁਪਏ ਕਢਵਾ ਕੇ ਮੋਟਰਸਾਇਕਲ ਤੇ ਪਿੰਡ ਕੈਰੋਂ ਵਿਖੇ ਆਪਣੀ ਭੈਣ ਨੂੰ ਦੇਣ ਲਈ ਜਾ ਰਿਹਾ ਸੀ।ਜਦ ਪਿੰਡ ਸਰਹਾਲੀ ਖੁਰਦ ਨਜ਼ਦੀਕ ਭੱਠੇ ਕੋਲ ਪੁੱਜਾ ਤਾਂ ਦੋ ਮੋਟਰਸਾਇਕਲਾਂ ਤੇ ਸਵਾਰ ਪੰਜ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਉਸ ਕੋਲੋਂ 50 ਹਜਾਰ ਰੁਪਏ ਲੁੱਟ ਲਏ। ਥਾਣਾ ਸਰਹਾਲੀ ਦੀ ਪੁਲਿਸ ਪਾਰਟੀ ਅਗਲੀ ਕਾਰਵਾਈ ਕਰ ਰਹੀ ਹੈ।

Posted By: Jagjit Singh