ਮੱਖਣ ਮਨੋਜ/ਤੇਜਿੰਦਰ ਸਿੰਘ ਬੱਬੂ, ਝਬਾਲ/ਸਰਾਏ ਅਮਾਨਤ ਖਾਂ : ਪਿੰਡ ਪੰਜਵੜ੍ਹ ਨੇੜੇ ਪੈਂਦੇ ਗੁਰੂ ਰਾਮਦਾਸ ਆਟੋ ਮੋਬਾਇਲ ਨਾਂ ਦੇ ਪੈਟਰੋਲ ਪੰਪ ਤੋਂ ਲੱਖਾਂ ਰੁਪਏ ਦੀ ਨਕਦੀ ਬੈਂਕ ਵਿਚ ਜਮਾਂ ਕਰਵਾਉਣ ਜਾ ਰਹੇ ਪੰਪ ਦੇ ਦੋ ਕਰਿੰਦਿਆਂ ਤੋਂ ਰਸਤੇ ਵਿਚ ਸ਼ੱਕੀ ਹਲਾਤਾਂ 'ਚ ਲੁੱਟ ਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਿੰਦਿਆਂ ਦਾ ਦਾਅਵਾ ਹੈ ਕਿ ਕੈਸ਼ ਲੁੱਟਣ ਵਾਲੇ ਲੁਟੇਰਿਆਂ ਵੱਲੋਂ ਹਵਾ ਵਿਚ ਇਕ ਫਾਇਰ ਵੀ ਕੀਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਗੁਰੂ ਰਾਮਦਾਸ ਆਟੋਮੋਬਾਇਲ ਪੈਟਰੋਲ ਪੰਪ ਦੇ ਕਰਿੰਦਿਆਂ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਅਤੇ ਸੰਜੇ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਹਿਮਾਚਲ ਹਾਲ ਵਾਸੀ ਝਬਾਲ ਨੇ ਦੱਸਿਆ ਕਿ ਉਹ ਦੁਪਹਿਰ ਦੋ ਵਜੇ ਦੇ ਕਰੀਬ ਪੈਟਰੋਲ ਪੰਪ ਤੋਂ 7 ਲੱਖ 23 ਹਜ਼ਾਰ 400 ਰੁਪਏ ਦੀ ਨਕਦੀ ਵਾਲਾ ਬੈਗ ਲੈ ਕੇ ਝਬਾਲ ਸਥਿਤ ਇਕ ਨਿੱਜੀ ਬੈਂਕ ਵਿਚ ਜਮਾਂ ਕਰਵਾਉਣ ਲਈ ਜਾ ਰਹੇ ਸੀ। ਪਿੰਡ ਭੁੱਜੜਾਂਵਾਲਾ ਦੇ ਨੇੜੇ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਉਨ੍ਹਾਂ ਨੂੰ ਰੋਕ ਕੇ ਪਿਸਤੌਲ ਦੀ ਨੋਕ 'ਤੇ ਨਕਦੀ ਵਾਲਾ ਬੈਗ ਖੋਹ ਲਿਆ। ਜਦੋਂ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਅੱਗੋਂ ਉਨ੍ਹਾਂ ਵੱਲੋਂ ਹਵਾ ਵਿਚ ਇਕ ਗੋਲੀ ਵੀ ਚਲਾਈ। ਕਰਿੰਦਿਆਂ ਨੇ ਦੱਸਿਆ ਕਿ ਫਰਾਰ ਹੋਏ ਲੁਟੇਰਿਆਂ ਦਾ ਉਨ੍ਹਾਂ ਵੱਲੋਂ ਜਦੋਂ ਪਿੱਛਾ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਦੋ ਫਾਇਰ ਹੋਰ ਕਰ ਦਿੱਤੇ। ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਝਬਾਲ ਤੋਂ ਸਬ ਇੰਸਪੈਕਟਰ ਦੇਸਾ ਮਸੀਹ, ਏਐਸਆਈ ਸੁਰਿੰਦਰ ਸਿੰਘ ਸੇਰੋਂ, ਏਐਸਆਈ ਗੁਰਮੀਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਆਸ ਪਾਸ ਦੇ ਲੋਕਾਂ ਤੋਂ ਪੁੱਛ ਗਿੱਛ ਕੀਤੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੁੱਟ ਖੋਹ ਦੀ ਵਾਰਦਾਤ ਦਾ ਮਾਮਲਾ ਸ਼ੱਕੀ ਲੱਗ ਰਿਹਾ ਹੈ। ਕਿਉਂਕਿ ਜਿਥੇ ਘਟਨਾ ਸਥਾਨ 'ਤੇ ਮੌਜੂਦ ਇਕ ਸਰਬਜੀਤ ਕੌਰ ਪਤਨੀ ਸਤਨਾਮ ਸਿੰਘ ਅਤੇ ਨਿਰਮਲ ਸਿੰਘ ਪੁੱਤਰ ਸੁਖਚੈਨ ਸਿੰਘ ਨੇ ਇਥੇ ਕੋਈ ਵੀ ਗੋਲੀ ਚੱਲਣ ਦੀ ਅਵਾਜ ਸੁਣਨ ਤੋਂ ਇਨਕਾਰ ਕੀਤਾ ਹੈ। ਉਥੇ ਹੀ ਪੈਟਰੋਲ ਪੰਪ ਦੇ ਇਕ ਹੋਰ ਕਰਿੰਦੇ ਹਰਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਨੇ ਵੀ ਦੱਸਿਆ ਕਿ ਉਕਤ ਕਰਿੰਦੇ ਪੰਪ ਤੋਂ ਪੈਟਰੋਲ ਬਾਇਕ ਵਿਚ ਪਾ ਕੇ ਗਏ ਜਰੂਰ ਸਨ ਪਰ ਉਨ੍ਹਾਂ ਵੱਲੋਂ ਇਹ ਨਹੀਂ ਦੱਸਿਆ ਕਿ ਉਹ ਬੈਂਕ ਵਿਚ ਕੈਸ਼ ਜਮਾਂ ਕਰਵਾਉਣ ਲਈ ਜਾ ਰਹੇ ਹਨ। ਇਸ ਘਟਨਾ ਦਾ ਜਾਇਜਾ ਲੈਣ ਪੁੱਜੇ ਡੀਐਸਪੀ ਭਿੱਖੀਵਿੰਡ ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਹਲਾਤਾਂ ਦੇ ਮੱਦੇਨਜ਼ਰ ਉਕਤ ਦੋਹਾਂ ਕਰਿੰਦਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਹਰ ਪਹਿਲੂ ਤੋਂ ਪੂਰੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਲਦ ਹੀ ਲੁੱਟ ਖੋਹ ਦੀ ਵਾਰਦਾਤ ਦਾ ਅਸਲ ਸੱਚ ਸਾਹਮਣੇ ਲਿਆਂਦਾ ਜਾਵੇਗਾ।

Posted By: Amita Verma