ਜਤਿੰਦਰ ਗੋਲਡੀ/ਬੱਲੂ ਮਹਿਤਾ, ਪੱਟੀ : ਪੱਟੀ ਸ਼ਹਿਰ 'ਚ ਇਕ ਪੋਲਿੰਗ ਬੂਥ 'ਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਹਾਜਰੀ 'ਚ ਕਾਂਗਰਸ ਦੇ ਪੋਲਿੰਗ ਏਜੰਟਾਂ ਵੱਲੋਂ ਚੋਣ ਸੁਪਰਵਾਈਜ਼ਰ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕੁਝ ਲੋਕਾਂ ਦੀ ਵੋਟ ਪੋਲ ਕਰਨ ਦੇ ਦੌਰਾਨ ਵਾਪਰੀ, ਜਿਨ੍ਹਾਂ ਤੇ ਕਾਂਗਰਸੀ ਪੋਲਿੰਗ ਏਜੰਟਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀ। ਘਟਨਾ ਦੇ ਤੁਰੰਤ ਬਾਅਦ ਮੌਕੇ 'ਤੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪੁੱਜੇ ਤੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਚੋਣ ਸੁਪਰਵਾਈਜਰ ਉਂਕਾਰ ਸਿੰਘ ਨੇ ਦੱਸਿਆ ਕਿ ਕੁਝ ਲੋਕ ਵੋਟ ਪਾਉਣ ਲਈ ਆਏ ਸਨ। ਜਿਨ੍ਹਾਂ ਦੇ ਵੋਟ ਪਾਉਣ 'ਤੇ ਕਾਂਗਰਸ ਦੇ ਪੋਲਿੰਗ ਏਜੰਟ ਵੱਲੋਂ ਇਤਰਾਜ ਜਿਤਾਇਆ ਗਿਆ। ਹਾਲਾਂਕਿ ਜੋ ਵੋਟ ਪੋਲ ਹੋ ਰਹੀ ਸੀ ਉਹ ਬਿਲਕੁਲ ਸਹੀ ਸੀ। ਇਸੇ ਦੌਰਾਨ ਪੋਲਿੰਗ ਏਜੰਟ ਵੱਲੋਂ ਮੌਕੇ 'ਤੇ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਬੁਲਾ ਲਿਆ ਗਿਆ ਅਤੇ ਉਨ੍ਹਾਂ ਦੀ ਗੱਲ ਸੁਣੇ ਬਿਨਾ ਹੀ ਪੋਲਿੰਗ ਏਜੰਟਾਂ ਨੇ ਵਿਧਾਇਕ ਦੀ ਮੌਜੂਦਗੀ 'ਚ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਪੋਲਿੰਗ ਸਟੇਸ਼ਨ ਤੋਂ ਬਾਹਰ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਜਿਥੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਬਿਨਾ ਕੁਝ ਕਹੇ ਹੀ ਚਲੇ ਗਏ। ਉਥੇ ਹੀ ਮੌਕੇ 'ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਸਰਕਾਰੀ ਅਮਲੇ 'ਤੇ ਹਮਲਾ ਕਰਨਾ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ। ਚੋਣ ਅਮਲੇ ਨਾਲ ਜੋ ਵੀ ਵਾਪਰਿਆ ਹੈ ਉਸਤੇ ਚੋਣ ਕਮਿਸ਼ਨ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ।

Posted By: Seema Anand