ਸਟਾਫ ਰਿਪੋਰਟਰ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਾਸੂਵਾਲ ਮੰਡੀ ਵਿਖੇ ਘਰ ਦੀ ਨੀਂਹ ਪੁੱਟਦਿਆਂ ਪਲਾਸਟਿਕ ਦੀ ਕੈਨੀ ਵਿਚ ਪਏ 336 ਵੱਖ-ਵੱਖ ਕਿਸਮ ਦੇ ਕਾਰਤੂਸ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਉਕਤ ਗੋਲੀ ਸਿੱਕਾ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਤੂਸ ਅਤਵਾਦ ਵੇਲੇ ਦੇ ਹਨ।

ਸਤਨਾਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਦਾਸੂਵਾਲ ਮੰਡੀ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਨੀਂਹ ਦੀ ਪੁਟਾਈ ਕਰਵਾ ਰਿਹਾ ਸੀ, ਇਸੇ ਦੌਰਾਨ ਪਲਾਸਟਿਕ ਦੀ ਇਕ ਕੈਨੀ ਬਰਾਮਦ ਹੋਈ, ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਕਾਰਤੂਸ ਸਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਪੱਟੀ ਤੋਂ ਏਐੱਸਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਉਕਤ ਘਰ ਦੀ ਕੰਧ ਦੇ ਨਾਲ ਪੁਰਾਣਾ ਬੋਹੜ ਪੁੱਟਣ ਤੋਂ ਬਾਅਦ ਪਰਿਵਾਰ ਵੱਲੋਂ ਜਦੋ ਨੀਂਹ ਦੀ ਖੁਦਾਈ ਚੱਲ ਰਹੀ ਸੀ ਤਾਂ ਪਲਾਸਟਿਕ ਦੀ ਕੈਨੀ ਵਿਚ ਇਹ ਗੋਲੀ ਸਿੱਕਾ ਮਿਲਿਆ। ਉਨ੍ਹਾਂ ਦੱਸਿਆ ਕਿ ਉਕਤ ਗੋਲੀ ਸਿੱਕੇ ਵਿਚ 251 ਕਾਰਤੂਸ ਏਕੇ 47 ਰਾਈਫਲ ਦੇ ਹਨ, ਜਦਕਿ 80 ਗੋਲੀਆਂ ਐਸਐਲਆਰ ਅਤੇ 5 ਕਾਰਤੂਸ ਥ੍ਰੀ ਨਟ ਥ੍ਰੀ ਰਾਈਫਲ ਦੇ ਹਨ। ਉਨ੍ਹਾਂ ਦੱਸਿਆ ਕਿ ਕਾਰਤੂਸਾਂ ਦੀ ਹਾਲਤ ਕਾਫੀ ਪੁਰਾਣੀ ਹੈ ਅਤੇ ਇਹ ਕਾਰਤੂਸ ਅਤਵਾਦ ਵੇਲੇ ਦੇ ਲਗਦੇ ਹਨ। ਫਿਲਹਾਲ ਅਣਪਛਾਤੇ ਵਿਅਕਤੀ ਵਿਰੁੱਧ ਥਾਣਾ ਸਦਰ 'ਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

Posted By: Ramandeep Kaur