ਪੱਤਰ ਪੇ੍ਰਰਕ, ਤਰਨਤਾਰਨ : ਸਥਾਨਕ ਜ਼ਿਲ੍ਹੇ ਦੇ ਪਿੰਡ ਤੂਤ ਵਿਖੇ ਜ਼ਮੀਨੀ ਝਗੜੇ ਕਾਰਨ ਪਿਤਾ ਤੇ ਭਰਾ ਨੂੰ ਗੰਭੀਰ ਸੱਟਾਂ ਲਗਾਉਣ ਦੇ ਕਥਿਤ ਦੋਸ਼ ਹੇਠ ਪੁਲਿਸ ਨੇ ਪਤੀ, ਪਤਨੀ ਸਮੇਤ ਅੱਧਾ ਦਰਜਨ ਲੋਕਾਂ ਵਿਰੁੱਧ ਥਾਣਾ ਸਦਰ 'ਚ ਮੁਕੱਦਮਾ ਦਰਜ ਕੀਤਾ ਹੈ। ਜਦੋਂਕਿ ਜ਼ਖ਼ਮੀਆਂ ਨੂੰ ਪੱਟੀ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਗਤਾਰ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਪਿੰਡ ਤੂਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੀ ਸਵਾ ਚਾਰ ਏਕੜ ਜ਼ਮੀਨ ਹੈ, ਜਿਸ ਉੱਪਰ 6 ਲੱਖ ਦਾ ਕਰਜ਼ਾ ਵੀ ਹੈ। ਉਸ ਨੇ ਆਪਣੇ ਦੋਵੇਂ ਮੁੰਡਿਆਂ ਨੂੰ ਦੋ-ਦੋ ਏਕੜ ਜ਼ਮੀਨ ਦਿੱਤੀ ਹੋਈ ਹੈ। ਇਸ ਵਾਰ ਉਸ ਨੇ ਦੋਵਾਂ ਪੁੱਤਰਾਂ ਨੂੰ ਜ਼ਮੀਨ ਆਪ ਬੀਜਣ ਲਈ ਕਿਹਾ ਤਾਂ ਜੋ ਉਹ ਕਰਜ਼ਾ ਉਤਾਰ ਸਕੇ।

ਇਸੇ ਰੰਜਿਸ਼ ਤਹਿਤ ਉਸਦੇ ਇਕ ਲੜਕੇ ਵਿਸਾਖਾ ਸਿੰਘ ਨੇ ਆਪਣੀ ਪਤਨੀ ਹਰਪ੍ਰਰੀਤ ਕੌਰ ਤੋਂ ਇਲਾਵਾ ਗੁਆਂਢੀਆਂ ਸੁਖਚੈਨ ਸਿੰਘ, ਵੀਰਪਾਲ ਕੌਰ, ਜਸਬੀਰ ਕੌਰ ਅਤੇ ਸਕੱਤਰ ਸਿੰਘ ਸਮੇਤ ਉਸਦੇ ਅਤੇ ਉਸਦੇ ਦੂਸਰੇ ਮੁੰਡੇ ਸੁਖਰਾਜ ਸਿੰਘ ਦੇ ਵਾਲ ਪੁੱਟੇ ਤੇ ਕੁੱਟਮਾਰ ਕਰਕੇ ਗੰਭੀਰ ਸੱਟਾਂ ਲਗਾਈਆਂ, ਜਿਸ ਕਾਰਨ ਉਹ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਹੋ ਗਏ। ਜਾਂਚ ਕਰ ਰਹੇ ਤੂਤ ਚੌਂਕੀ ਦੇ ਇੰਚਾਰਜ ਏਐੱਸਆਈ ਮੁਖਤਾਰ ਸਿੰਘ ਨੇ ਦੱਸਿਆ ਕਿ 1 ਮਈ ਨੂੰ ਵਾਪਰੀ ਉਕਤ ਘਟਨਾ ਸਬੰਧੀ ਪਹਿਲਾਂ ਰਿਪੋਰਟ ਦਰਜ ਕੀਤੀ ਗਈ ਸੀ ਤੇ ਹੁਣ ਮੁਕੱਦਮਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ੍ਹ ਕਿਹਾ ਕਿ ਪੜਤਾਲ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।