ਤੇਜਿੰਦਰ ਸਿੰਘ ਬੱਬੂ, ਝਬਾਲ : ਸਿੰਘੂ ਬਾਰਡਰ ’ਤੇ ਕਤਲ ਕੀਤੇ ਗਏ ਪਿੰਡ ਚੀਮਾਂ ਕਲਾਂ ਦੇ ਲਖਬੀਰ ਸਿੰਘ ਟੀਟੂ ਮਾਮਲੇ ਦੀਆਂ ਜਿਥੇ ਰੋਜ਼ ਨਵੀਂਆ ਪਰਤਾਂ ਖੁੱਲ੍ਹ ਰਹੀਆਂ ਹਨ। ਉਥੇ ਹੀ ਬੁੱਧਵਾਰ ਨੂੰ ਵਾਇਰਲ ਹੋਈ ਇਕ ਵੀਡੀਓ ’ਚ ਲਖਬੀਰ ਸਿੰਘ ਵੱਲੋਂ ਬੋਲੇ ਗਏ ਮੋਬਾਈਲ ਨੰਬਰ ਤੋਂ ਬਾਅਦ ਹੁਣ ਚੀਮਾਂ ਕਲਾਂ ਦੇ ਨਾਲ ਨਾਲ ਸਰਹੱਦੀ ਪਿੰਡ ਹਵੇਲੀਆਂ ਵੀ ਚਰਚਾ ਵਿਚ ਆ ਗਿਆ ਹੈ। ਅਸਲ ਵਿਚ ਜੋ ਨੰਬਰ ਲਖਬੀਰ ਸਿੰਘ ਵੱਲੋਂ ਬੋਲਿਆ ਗਿਆ ਹੈ ਉਹ ਹਵੇਲੀਆਂ ਪਿੰਡ ਦੇ ਪ੍ਰਗਟ ਸਿੰਘ ਦਾ ਹੈ। ਉਸਦਾ ਲਖਬੀਰ ਸਿੰਘ ਦੇ ਸਿੰਘੂ ਬਾਰਡਰ ਪਹੁੰਚਣ ਨਾਲ ਕੋਈ ਲੈਣਾ ਦੇਣਾ ਹੈ ਜਾਂ ਨਹੀਂ ਬੇਸ਼ੱਕ ਇਹ ਜਾਂਚ ਦਾ ਵਿਸ਼ਾ ਹੋਵੇਗਾ ਪਰ ਉਸ ਨੇ ਮੀਡੀਆ ਸਾਹਮਣੇ ਦਾਅਵਾ ਕੀਤਾ ਹੈ ਕਿ ਲਖਬੀਰ ਕੇਵਲ ਉਨ੍ਹਾਂ ਦੇ ਪਸ਼ੂਆਂ ਦੀ ਸੰਭਾਲ ਦਾ ਕੰਮ ਕਰਦਾ ਸੀ ਅਤੇ ਬੇਅਦਬੀ ਵਰਗੀ ਘਟਨਾ ਉਹ ਕਦੇ ਵੀ ਨਹੀਂ ਸੀ ਕਰ ਸਕਦਾ।

ਪਿੰਡ ਹਵੇਲੀਆਂ ਨਿਵਾਸੀ 40 ਸਾਲਾ ਪ੍ਰਗਟ ਸਿੰਘ ਪੁੱਤਰ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਛੇ ਏਕੜ ਆਪਣੀ ਜਮੀਨ ਹੈ ਅਤੇ ਚਾਰ ਏਕੜ ਉਹ ਠੇਕੇ ’ਤੇ ਲੈ ਕੇ ਵਾਹੀ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ 20 ਦੇ ਕਰੀਬ ਗਾਵਾਂ, ਮੱਝਾਂ ਵੀ ਹਨ ਜਿਨ੍ਹਾਂ ਦੇ ਦੁੱਧ ਦਾ ਉਹ ਕਾਰੋਬਾਰ ਕਰਦੇ ਹਨ। ਲਖਬੀਰ ਸਿੰਘ ਟੀਟੂ ਕੋਈ ਦੋ ਮਹੀਨੇ ਪਹਿਲਾਂ ਉਨ੍ਹਾਂ ਕੋਲ ਕੰਮ ਲਈ ਆਇਆ ਸੀ ਅਤੇ ਹਰ ਰੋਜ ਉਹ ਸਵੇਰੇ ਆਉਦਾ ਤੇ ਸਾਰਾ ਦਿਨ ਇੱਥੇ ਰਹਿਣ ਤੋਂ ਬਾਅਦ ਸ਼ਾਮ ਨੂੰ ਵਾਪਸ ਪਰਤ ਜਾਂਦਾ। ਸੁਭਾਅ ਦਾ ਚੰਗਾ ਹੋਣ ਕਰਕੇ ਟੀਟੂ ਉਨ੍ਹਾਂ ਦੇ ਪਰਿਵਾਰ ਵਿਚ ਪੂਰੀ ਤਰ੍ਹਾਂ ਨਾਲ ਘੁਲ ਮਿਲ ਗਿਅ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਲਖਬੀਰ ਸਿੰਘ ਨਾਲ ਉਨ੍ਹਾਂ ਨੇ ਕੋਈ ਪੱਕਾ ਮਿਹਨਤਾਨਾਂ ਤੈਅ ਨਹੀਂ ਕੀਤਾ ਸੀ। ਜਿੰਨੇ ਪੈਸੇ ਚਾਹੀਦੇ ਹੁੰਦੇ ਸਨ ਉਹ ਸ਼ਾਮ ਨੂੰ ਘਰ ਜਾਣ ਸਮੇਂ ਲੈ ਜਾਂਦਾ ਸੀ। ਪ੍ਰਗਟ ਸਿੰਘ ਨੇ ਕਿਹਾ ਕਿ ਅਕਤੂਬਰ ਮਹੀਨਾ ਸ਼ੁਰੂ ਹੁੰਦੇ ਹੀ ਉਹ ਇਥੋਂ ਚਲਾ ਗਿਆ ਸੀ ਅਤੇ ਫਿਰ ਕੰਮ ’ਤੇ ਨਹੀਂ ਆਇਆ। ਉਹ ਸਿੰਘੂ ਬਾਰਡਰ ’ਤੇ ਕਿਸ ਤਰ੍ਹਾਂ ਪਹੁੰਚਿਆ ਇਹ ਸਮਝ ਤੋਂ ਬਾਹਰ ਦੀ ਗੱਲ ਹੈ। ਬੇਅਬਦੀ ਬਾਰੇ ਪੁੱਛੇ ਗਏ ਸਵਾਲ ’ਤੇ ਪ੍ਰਗਟ ਸਿੰਘ ਅਤੇ ਉੱਥੇ ਮੌਜੂਦ ਉਸਦੇ ਪਿਤਾ ਪ੍ਰਤਾਪ ਸਿੰਘ ਤੋਂ ਇਲਾਵਾ ਸਾਬਕਾ ਸਰਪੰਚ ਲਖਵਿੰਦਰ ਸਿੰਘ, ਪਿੰਡ ਵਾਸੀ ਜਸਪਾਲ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ, ਦਲਬੀਰ ਕੌਰ ਪ੍ਰਧਾਨ ਆਦਿ ਨੇ ਕਿਹਾ ਕਿ ਜਿੰਨਾ ਉਹ ਲਖਬੀਰ ਸਿੰਘ ਨੂੰ ਜਾਣਦੇ ਹਨ, ਉਸ ਤੋਂ ਲੱਗਦਾ ਹੈ ਕਿ ਉਹ ਬੇਅਦਬੀ ਵਰਗੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ।

ਉਨ੍ਹਾਂ ਦਾ ਨੰਬਰ ਤਾਂ ਲਖਬੀਰ ਸਿੰਘ ਦੇ ਘਰ ਦੀ ਕੰਧ ’ਤੇ ਵੀ ਲਿਖਿਆ ਹੈ- ਪ੍ਰਗਟ ਸਿੰਘ

ਪ੍ਰਗਟ ਸਿੰਘ ਨੇ ਕਿਹਾ ਕਿ ਲਖਬੀਰ ਸਿੰਘ ਉਨ੍ਹਾਂ ਕੋਲ ਕੰਮ ਕਰਦਾ ਸੀ, ਇਸ ਬਾਰੇ ਉਸਦੀ ਭੈਣ ਨੂੰ ਵੀ ਪਤਾ ਸੀ। ਲਖਬੀਰ ਤੋਂ ਇਲਾਵਾ ਉਹ ਵੀ ਕਈ ਵਾਰ ਉਨ੍ਹਾਂ ਨੂੰ ਫੋਨ ਕਰ ਲੈਂਦੀ ਸੀ। ਲਖਬੀਰ ਸਿੰਘ ਉਸਦਾ ਨੰਬਰ ਵੀਡੀਓ ਵਿਚ ਬੋਲਦਾ ਸੁਣਾਈ ਦਿੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸਦੇ ਸਿੰਘੂ ਬਾਰਡਰ ਜਾਣ ਜਾਂ ਬੇਅਦਬੀ ਦੀ ਘਟਨਾ ਨਾਲ ਉਨ੍ਹਾਂ ਦਾ ਕੋਈ ਵਾਸਤਾ ਹੈ। ਉਸਦਾ ਨੰਬਰ ਤਾਂ ਲਖਬੀਰ ਦੇ ਘਰ ਦੀ ਕੰਧ ’ਤੇ ਵੀ ਲਿਖਿਆ ਹੋਇਆ ਹੈ ਅਤੇ ਨੰਬਰ ਯਾਦ ਹੋਣ ਕਰਕੇ ਉਸ ਨੇ ਇਹ ਬੋਲ ਦਿੱਤਾ ਹੋਵੇਗਾ।

Posted By: Ravneet Kaur