ਰਾਜਵਿੰਦਰ ਸਿੰਘ ਰਾਜੂ, ਘਰਿਆਲਾ : ਥਾਣਾ ਸਦਰ ਪੱਟੀ ਅਧੀਨ ਪੈਂਦੀ ਪੁਲਿਸ ਚੌਕੀ ਘਰਿਆਲਾ ਵਿਖੇ ਦੇਰ ਸ਼ਾਮ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਪੱਟੀ ਦੇ ਆਗੂ ਮੇਹਰ ਸਿੰਘ ਤਲਵੰਡੀ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਹਰ ਸਿੰਘ ਤਲਵੰਡੀ, ਸੁਖਦੇਵ ਸਿੰਘ ਦੁਬਲੀ, ਤਰਸੇਮ ਸਿੰਘ ਧਾਰੀਵਾਲ, ਸਵਰਨ ਸਿੰਘ ਹਰੀਕੇ, ਗੁਰਭੇਜ ਸਿੰਘ ਧਾਰੀਵਾਲ ਆਦਿ ਨੇ ਦੱਸਿਆ ਕਿ ਪਿੰਡ ਜੰਡ ਵਿਖੇ ਇਕ ਜੇਸੀਬੀ ਮਸ਼ੀਨ ਵੱਲੋਂ ਪਹੀ ਪੱਧਰੀ ਕੀਤੀ ਜਾ ਰਹੀ ਸੀ ਕਿ ਮਾਈਨਿੰਗ ਇੰਸਪੈਕਟਰ ਨੇ ਮੌਕੇ ਤੇ ਪਹੁੰਚ ਕੇ ਜੇਸੀਬੀ ਨੂੰ ਕਬਜ਼ੇ ਵਿੱਚ ਲੈ ਲਿਆ। ਜਦੋਂਕਿ ਜੇਸੀਬੀ ਮਸ਼ੀਨ ਵਾਲਾ ਕਾਨੂੰਨੀ ਦਾਇਰੇ ਦੇ ਵਿਚ ਰਹਿ ਕੇ ਜ਼ਮੀਨ ਪੱਧਰੀ ਕਰ ਰਿਹਾ ਸੀ। ਪਰ ਫਿਰ ਵੀ ਮਸ਼ੀਨ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਚੌਕੀ ਘਰਿਆਲਾ ਵਿਖੇ ਬੰਦ ਕਰ ਦਿੱਤਾ ਗਿਆ ਜਿਸ ਦੇ ਰੋਸ ਵਿਚ ਆ ਕੇ ਸਾਨੂੰ ਮਜਬੂਰ ਹੋ ਕੇ ਅੱਧੀ ਰਾਤ ਨੂੰ ਪੁਲਸ ਚੌਕੀ ਘਰਿਆਲਾ ਵਿਖੇ ਧਰਨੇ ਤੇ ਬਹਿਣਾ ਪੈ ਰਿਹਾ ਹੈ।

ਮੇਹਰ ਸਿੰਘ ਤਲਵੰਡੀ ਨੇ ਕਿਹਾ ਕਿ ਪੁਲਿਸ ਕਥਿਤ ਸਿਆਸੀ ਸ਼ਹਿ ਤੇ ਧੱਕੇਸ਼ਾਹੀ ਕਰ ਰਹੀ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਜੇਸੀਬੀ ਮਸ਼ੀਨ ਛੱਡੀ ਨਹੀਂ ਜਾਂਦੀ ਅਤੇ ਚੌਕੀ ਘਰਿਆਲਾ ਦੇ ਇੰਚਾਰਜ ਵੱਲੋਂ ਕਿਸਾਨ ਤੋਂ ਕਥਿਤ ਤੌਰ ਤੇ ਵੀਹ ਹਜ਼ਾਰ ਰੁਪਏ ਮੰਗੇ ਜਾਣ ਨੂੰ ਲੈ ਕੇ ਉਸ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਮਨਦੀਪ ਸਿੰਘ ਦੇ ਘਰੋਂ ਖਾਲੀ ਟਰੈਕਟਰ ਟਰਾਲੀ ਲਿਆ ਕੇ ਉਸ ਉੱਤੇ ਮਾਈਨਿੰਗ ਦਾ ਪਰਚਾ ਦਿੱਤਾ ਜਾ ਚੁੱਕਾ ਹੈ। ਇਸ ਸਬੰਧੀ ਸੰਪਰਕ ਕਰਨ ਤੇ ਚੌਕੀ ਘਰਿਆਲਾ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਤੋਂ ਪੈਸਿਆਂ ਦੀ ਮੰਗ ਨਹੀਂ ਕੀਤੀ। ਉਨ੍ਹਾਂ ਉੱਪਰ ਝੂਠੇ ਦੋਸ਼ ਲਗਾਏ ਜਾ ਰਹੇ ਹਨ।

Posted By: Jagjit Singh